17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਰਾਏਕੋਟ-ਬਰਨਾਲਾ ਹਾਈਵੇ 'ਤੇ ਟੈਂਪੂ ਨਾਲ ਟਕਰਾ ਕੇ ਬੇਕਾਬੂ ਹੋਈ ਪੀ.ਆਰ.ਟੀ.ਸੀ. ਬੱਸ ਦਰੱਖ਼ਤਾਂ 'ਚ ਵੱਜੀ

ਅਜੀਤ ਡੈਸਕ 04-12-2025
ਰਾਏਕੋਟ, 3 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ-ਬਰਨਾਲਾ ਹਾਈਵੇ 'ਤੇ ਪੈਂਦੇ ਪਿੰਡ ਜਲਾਲਦੀਵਾਲ ਦੇ ਨਜ਼ਦੀਕ ਅੱਜ ਦੁਪਹਿਰ 2 ਵਜੇ ਦੇ ਕਰੀਬ ਇਕ ਪੀ.ਆਰ.ਟੀ.ਸੀ ਬੱਸ ਤੇ ਟੈਂਪੂ ਵਿਚਕਾਰ ਜ਼ਬਰਦਸਤ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੀ.ਆਰ.ਟੀ.ਸੀ. ਦੀ ਬੱਸ (ਪੀ.ਬੀ.-10 ਐੱਫ.ਵਾਈ-6516) ਲੁਧਿਆਣਾ ਤੋਂ ਬਠਿੰਡਾ ਜਾ ਰਹੀ ਸੀ, ਪਰ ਜਦੋਂ ਇਹ ਰਾਏਕੋਟ ਤੋਂ ਬਰਨਾਲਾ ਰੋਡ 'ਤੇ ਪੁੱਜੀ ਤਾਂ ਪਿੰਡ ਜਲਾਲਦੀਵਾਲ ਤੋਂ ਥੋੜ੍ਹੀ ਦੂਰੀ 'ਤੇ ਇਕ ਵਾਹਨ ਨੂੰ ਓਵਰਟੇਕ ਕਰਨ ਸਮੇਂ ਅੱਗਿਓ ਆ ਰਹੇ ਇਕ ਅਸ਼ੋਕਾ ਲਾਈਲੈਂਡ ਟੈਂਪੂ ਨਾਲ ਟਕਰਾਉਣ ਉਪਰੰਤ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਖਤਾਨਾਂ ਵਿਚ ਖੜ੍ਹੇ ਦਰੱਖ਼ਤਾਂ ਨਾਲ ਜਾ ਟਕਰਾਈ | ਟੱਕਰ ਐਨੀ ਭਿਆਨਕ ਸੀ ਕਿ ਜਿੱਥੇ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਉੱਥੇ ਹੀ ਬੱਸ ਦੋ ਛੋਟੇ ਦਰੱਖ਼ਤਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਵੱਡੇ ਦਰੱਖ਼ਤ ਵਿਚ ਵੱਜ ਕੇ ਰੁਕ ਗਈ | ਇਸ ਦੌਰਾਨ ਦੋਵੇਂ ਵਾਹਨਾਂ ਦੇ ਚਾਲਕਾਂ ਦੇ ਸੱਟਾਂ ਲੱਗੀਆਂ, ਪ੍ਰੰਤੂ ਬੱਸ ਚਾਲਕ ਸੁਖਰਾਜ ਸਿੰਘ ਵਾਸੀ ਤਰਨਤਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ 'ਤੇ ਰਾਹਗੀਰਾਂ ਨੇ ਪ੍ਰਾਈਵੇਟ ਵਾਹਨ ਰਾਹੀਂ ਕਸਬਾ ਮਹਿਲ ਕਲਾਂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਦਕਿ ਸਵਾਰੀਆਂ ਦੇ ਮਾਮੂਲੀ ਸੱਟਾਂ ਹੀ ਲੱਗੀਆਂ | ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਚੌਂਕੀ ਜਲਾਲਦੀਵਾਲ ਦੇ ਇੰਚਾਰਜ ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਬੱਸ ਕੰਡਕਟਰ ਕਸ਼ਮੀਰ ਸਿੰਘ ਪੁੱਤਰ ਅਨੰਤ ਸਿੰਘ ਅਤੇ ਟੈਂਪੂ ਚਾਲਕ ਮੋਹਿਤ ਪੁੱਤਰ ਜਤਿੰਦਰ ਦਾਸ ਵਾਸੀ ਅੰਬਾਲਾ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੌਂਕੀ ਇੰਚਾਰਜ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਸੰਬੰਧ ਵਿਚ ਪੁਲਿਸ ਵਲੋਂ ਪੜਤਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੋਹੀ ਤੋਂ ਕਾਂਗਰਸ ਪਾਰਟੀ ਨੇ ਮਨਜੋਤ ਕੌਰ ਬੱਲੋਵਾਲ ਨੂੰ ਉਮੀਦਵਾਰ ਬਣਾਇਆ ਅਗਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਦੋ ਰੋਜ਼ਾ ਅਥਲੈਟਿਕ ਮੀਟ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।