ਸੜੋਆ, 15 ਜੂਨ (ਹਰਮੇਲ ਸਹੂੰਗੜਾ)-ਵੋਕੇਸ਼ਨਲ ਟੀਚਰਜ਼ ਫ਼ਰੰਟ ਦੇ ਮੈਂਬਰ ਰਣਜੀਤ ਸਿੰਘ ਸੜੋਆ ਨੇ ਜਾਣਕਾਰੀ ਦਿੰਦਿਆਂ ਕਿ ਵੋਕੇਸ਼ਨਲ ਫ਼ਰੰਟ ਵੱਲੋਂ ਹਲਕਾ ਪੱਛਮ ਤੋਂ ਆਪ ਉਮੀਦਵਾਰ ਸੰਜੀਵ ਅਰੋੜਾ ਦੇ ਘਰ ਅੱਗੇ ਮੁਜ਼ਾਹਰਾ ਕੀਤਾ ਗਿਆ | ਰੈਲੀ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਆਏ ਵੋਕੇਸ਼ਨਲ ਅਧਿਆਪਕਾਂ ਨੇ ਸ਼ਮੂਲੀਅਤ ਕਰਕੇ ਆਪਣੀ ਹੱਕੀ ਮੰਗਾਂ ਲਈ ਆਵਾਜ਼ ਬੁਲੰਦ ਕੀਤੀ | ਫ਼ਰੰਟ ਦੇ ਆਗੂਆਂ ਨੇ ਦੱਸਿਆ ਹੈ ਕਿ 2022 ਸਰਕਾਰ ਬਣਨ ਤੋਂ ਪਹਿਲਾਂ ਆਪ ਸਰਕਾਰ ਨੇ ਕੱਚੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਕਿਸੇ ਵੀ ਮੁਲਾਜ਼ਮ ਨੂੰ ਧਰਨਾ, ਰੈਲੀ ਨਹੀਂ ਕਰਨੀ ਪਵੇਗੀ ਤੇ ਮੈਂ ਅਪਣੇ ਹਰੇ ਪੈੱਨ ਨਾਲ ਪਹਿਲੀ ਕੈਬਿਨੇਟ ਮੀਟਿੰਗ ਵਿਚ ਕੱਚੇ ਮੁਲਾਜ਼ਮ ਪੱਕੇ ਕਰਾਂਗਾ, ਪਰ ਅੱਜ ਤਿੰਨ ਸਾਲ ਬਾਅਦ ਵੀ ਮੰਗਾਂ ਤਾਂ ਦੂਰ ਮੀਟਿੰਗ ਕਰਨ ਤੋਂ ਮੁਨਕਰ ਹੋ ਰਹੀ ਹੈ | ਜਿਸ ਨਾਲ ਇੰਝ ਲੱਗਦਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਦੀ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ | ਸਰਕਾਰੀ ਵਿਭਾਗਾਂ ਨੂੰ ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰ ਰਹੀ ਹੈ | ਸਿੱਖਿਆ ਅਤੇ ਸਿਹਤ ਮਾਡਲ 'ਤੇ ਬਣੀ ਸਰਕਾਰ, ਅੱਜ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ | ਜੇਕਰ ਸਰਕਾਰ ਇਸ ਨੀਤੀ ਤੋਂ ਪਿੱਛੇ ਨਹੀਂ ਹਟਦੀ ਤਾਂ ਸਾਰੇ ਕੱਚੇ ਮੁਲਾਜ਼ਮ ਇਨ੍ਹਾਂ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਰ ਥਾਂ ਉੱਤੇ ਵਿਰੋਧ ਕੀਤਾ ਜਾਵੇਗਾ | ਇਸ ਮੌਕੇ 'ਤੇ ਸਟੇਟ ਕਮੇਟੀ ਮੈਂਬਰ ਰਣਜੀਤ ਸਿੰਘ ਨਵਾਂਸ਼ਹਿਰ, ਭੁਪਿੰਦਰ ਸਿੰਘ ਰੋਪੜ, ਰਣਜੀਤ ਸਿੰਘ ਬਰਨਾਲਾ ਅਤੇ ਗੁਰਜੀਤ ਸਿੰਘ ਬਠਿੰਡਾ ਸ਼ਾਮਿਲ ਸਨ |