23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਪਿੰਡ ਪੱਲੀ ਝਿੱਕੀ ਦੇ ਵਸਨੀਕ ਦੀ ਪਟੀਸ਼ਨ 'ਤੇ ਹਾਈ ਕੋਰਟ ਵਲੋਂ ਡੀ.ਜੀ.ਪੀ. ਤੇ ਕਪੂਰਥਲਾ ਦੇ ਐਸ.ਐਸ.ਪੀ. ਨੂੰ ਨੋਟਿਸ

ਅਜੀਤ ਡੈਸਕ 16-06-2025
ਨਵਾਂਸ਼ਹਿਰ, 15 ਜੂਨ (ਜਸਬੀਰ ਸਿੰਘ ਨੂਰਪੁਰ) - ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਿੰਡ ਪੱਲੀ ਝਿੱਕੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕ ਕੁਲਦੀਪ ਸਿੰਘ ਦੀਪਾ ਦੀ ਪਟੀਸ਼ਨ 'ਤੇ ਪੰਜਾਬ ਦੇ ਡੀ.ਜੀ.ਪੀ., ਕਪੂਰਥਲਾ ਦੇ ਐਸ.ਐਸ.ਪੀ., ਫਗਵਾੜਾ ਦੇ ਡੀ.ਐਸ.ਪੀ. ਅਤੇ ਥਾਣਾ ਸਦਰ (ਫਗਵਾੜਾ) ਦੇ ਐਸ.ਐਚ.ਓ. ਨੂੰ ਨੋਟਿਸ ਜਾਰੀ ਕੀਤਾ ਹੈ | ਕੁਲਦੀਪ ਸਿੰਘ ਦੀਪਾ ਨੇ ਦੋਸ਼ ਲਗਾਇਆ ਸੀ ਕਿ ਉਹ ਪਿੰਡ ਢੱਕਖੁਰਮਪੁਰ ਤਹਿਸੀਲ ਫਗਵਾੜਾ ਵਿਖੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਉਹਨਾਂ ਦੀ ਜ਼ਮੀਨ ਦੀ ਦੇਖ-ਭਾਲ ਲਈ ਅਕਸਰ ਜਾਂਦਾ ਹੈ | ਪਿਛਲੇ 30-40 ਸਾਲ ਤੋਂ ਕਾਬਜ਼ ਆਪਣੇ ਰਿਸ਼ਤੇਦਾਰਾਂ ਦੇ ਕਹਿਣ 'ਤੇ ਕੁਲਦੀਪ ਸਿੰਘ ਨੇ ਪਹਿਲਾਂ ਵਾਂਗ ਉਥੇ ਝੋਨੇ ਦੀ ਬਿਜਾਈ ਕਰ ਦਿੱਤੀ | ਇਸ ਦੌਰਾਨ ਉਹ ਜ਼ਮੀਨ ਉਥੋਂ ਦੇ ਇੱਕ ਉੱਘੇ ਪ੍ਰਾਪਰਟੀ ਡੀਲਰ ਨੇ ਧੋਖਾਧੜੀ ਨਾਲ ਖਰੀਦ ਕੇ ਰਜਿਸਟਰੀ ਆਪਣੇ ਨਾਮ ਕਰਵਾ ਲਈ | ਵਿਵਾਦਤ ਜ਼ਮੀਨ ਵਿੱਚ ਝੋਨਾ ਬੀਜਣ ਕਾਰਨ ਪ੍ਰਾਪਰਟੀ ਡੀਲਰ ਨੇ ਕਥਿਤ ਤੌਰ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ | ਉਸਨੇ ਤੁਰੰਤ ਪੁਲਿਸ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਸ਼ਿਕਾਇਤ ਕੀਤੀ | ਲੇਕਿਨ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ | 10 ਮਈ 2025 ਨੂੰ ਕੁਲਦੀਪ ਸਿੰਘ ਵਲੋਂ ਐਸ.ਐਸ.ਪੀ.ਕਪੂਰਥਲਾ, ਡੀ.ਐਸ.ਪੀ. ਤੇ ਐਸ.ਐਚ.ਓ. ਸਦਰ ਫਗਵਾੜਾ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਕਿ ਕਥਿਤ ਦੋਸ਼ੀ ਤੋਂ ਫਗਵਾੜਾ ਇਲਾਕੇ ਵਿੱਚ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਬੀਜੀ ਗਈ ਫਸਲ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ | ਫਗਵਾੜਾ ਪੁਲਿਸ ਨੇ ਵੀ ਕਥਿਤ ਦੋਸ਼ੀ ਖਿਲਾਫ ਕੋਈ ਕਾਰਵਾਈ ਕਰਨ ਦੀ ਬਿਜਾਏ ਢਿੱਲ-ਮੱਠ ਹੀ ਵਰਤੀ | ਇੱਥੇ ਦੱਸਣਯੋਗ ਹੈ ਕਿ ਕੁਲਦੀਪ ਸਿੰਘ ਦੀਪਾ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਸ਼ਿਕਾਇਤਾਂ ਵਿੱਚ ਸੁਪਰੀਮ ਕੋਰਟ ਵਲੋਂ ਲਲਿਤਾ ਕੁਮਾਰੀ ਬਨਾਮ ਯੂਨੀਅਨ ਆਫ ਇੰਡੀਆ ਕੇਸ ਵਿੱਚ ਦੇਸ਼ ਭਰ ਦੀ ਪੁਲਿਸ ਨੂੰ ਦਿੱਤੇ ਹੁਕਮਾਂ ਦਾ ਹਵਾਲਾ ਦਿੱਤਾ ਸੀ ਜਿਸ ਵਿੱਚ ਹੱਥ ਪਾਉਣਯੋਗ ਜ਼ੁਰਮਾਂ ਵਿੱਚ ਪੁਲਿਸ ਨੂੰ ਐਫ.ਆਈ.ਆਰ. ਦਰਜ ਕਰਨ ਲਈ ਪਬੰਦ ਕੀਤਾ ਗਿਆ ਸੀ | ਆਖਰ ਕੁਲਦੀਪ ਸਿੰਘ ਦੀਪਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਦੱਸਿਆ ਕਿ ਸੀਨੀਅਰ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕਥਿਤ ਦੋਸ਼ੀ ਖਿਲਾਫ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ 'ਤੇ ਹਾਈਕੋਰਟ ਨੇ ਪੰਜਾਬ ਦੇ ਡੀ.ਜੀ.ਪੀ., ਕਪੂਰਥਲਾ ਦੇ ਐਸ.ਐਸ.ਪੀ., ਫਗਵਾੜਾ ਦੇ ਡੀ.ਐਸ.ਪੀ. ਅਤੇ ਥਾਣਾ ਸਦਰ (ਫਗਵਾੜਾ) ਦੇ ਐਸ.ਐਚ.ਓ. ਨੂੰ ਨੋਟਿਸ ਜਾਰੀ ਕੀਤਾ ਅਤੇ 28 ਜੁਲਾਈ 2025 ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ |
ਪਿਛਲੀ ਖ਼ਬਰ 'ਵਿਸ਼ਵ ਖੂਨਦਾਨੀ ਦਿਵਸ' ਨੂੰ ਸਮਰਪਿਤ ਸਵੈ-ਇਛੁੱਕ ਖੂਨਦਾਨ ਕੈਂਪ 'ਚ ਖੂਨਦਾਨੀਆਂ ਕੀਤਾ ਖੂਨਦਾਨ ਅਗਲੀ ਖ਼ਬਰ ਕਮਿਊਨਿਟੀ ਸਿਹਤ ਕੇਂਦਰ ਵਿਖੇ ਵਿਸ਼ਵ ਖੂਨਦਾਨੀ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।