ਸਮੁੰਦੜਾ, 16 ਅਕਤੂਬਰ (ਤੀਰਥ ਸਿੰਘ ਰੱਕੜ)-ਕਸਬਾ ਸਮੁੰਦੜਾ ਵਿਖੇ ਪ੍ਰਾਚੀਨ ਸ਼ਿਵ ਮੰਦਰ ਮਹੇਸ਼ਆਣਾ ਦੇ ਰਕਬੇ ਤੇ ਖੇਡ ਮੈਦਾਨ ਦੇ ਨੇੜੇ ਸੋਸ਼ਲ ਵੈਲਫੇਅਰ ਸੁਸਾਇਟੀ ਗੜ੍ਹਸ਼ੰਕਰ ਵਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੰਦੇ ਹੋਏ ਮੈਡੀਕੇਟਿਡ, ਵਿਰਾਸਤੀ ਤੇ ਫਲਦਾਰ ਬੂਟੇ ਲਗਾਏ ਗਏ | ਇਸ ਮੌਕੇ ਸਮਾਜ ਸੇਵੀ ਤੇ ਵਾਤਾਵਰਨ ਪ੍ਰੇਮੀ ਹਰਵੇਲ ਸਿੰਘ ਸੈਣੀ ਪ੍ਰਧਾਨ ਸੋਸ਼ਲ ਵੈਲਫੇਅਰ ਸੁਸਾਇਟੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਗਰੀਨ ਦੀਵਾਲੀ ਮਨਾਉਣ ਲਈ ਵੱਧ ਤੋਂ ਵੱਧ ਬੂਟੇ ਘਰਾਂ ਵਿਚ, ਗਮਲਿਆਂ 'ਚ ਤੇ ਸਾਂਝੀਆਂ ਥਾਵਾਂ 'ਤੇ ਲਗਾਉਣੇ ਚਾਹੀਦੇ ਹਨ ਤਾਂ ਕਿ ਸਾਡਾ ਵਾਤਾਵਰਨ ਸ਼ੁੱਧ ਰਹੇ ਤੇ ਧਰਤੀ ਦੀ ਹਰਿਆਵਲ ਬਾਰਕਰਾਰ ਰਹਿ ਸਕੇ | ਸ. ਸੈਣੀ ਨੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਇਸ ਸੁੰਦਰ ਤਿਉਹਾਰ ਨੂੰ ਪ੍ਰਦੂਸ਼ਣ ਦੀ ਬੁਰਾਈ ਨਾਲ ਬਰਬਾਦ ਨਾ ਹੋਣ ਦਈਏ | ਸਾਨੂੰ ਸਾਰਿਆਂ ਨੂੰ ਪ੍ਰਦੂਸ਼ਣ ਅਤੇ ਸ਼ੋਰ ਰਹਿਤ ਦੀਵਾਲੀ ਤੇ ਪਟਾਕੇ, ਬੰਬ, ਆਤਿਸ਼ਬਾਜ਼ੀਆਂ ਅਤੇ ਅਨਾਰ ਨਾ ਚਲਾ ਕੇ ਜੋ ਕਿ ਜ਼ਹਿਰੀਲੀਆ ਗੈਸਾਂ ਛੱਡ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਤੇ ਗੰਧਲਾ ਕਰਦੀਆਂ ਹਨ, ਜੋ ਕਿ ਮਨੁੱਖੀ ਸਿਹਤ ਤੇ ਜੀਵ ਜੰਤੂਆਂ ਨੂੰ ਭਾਰੀ ਨੁਕਸਾਨ ਪਹੁੰਚਾਉਦੀਆਂ ਹਨ | ਇਸ ਮੌਕੇ ਪ੍ਰੋਫੈਸਰ ਚਰਨ ਸਿੰਘ ਝੁੰਗੀਆਂ, ਪ੍ਰੇਮ ਸਿੰਘ ਨੰਬਰਦਾਰ ਬਗਵਾਈ, ਪੰਡਿਤ ਕਿਸ਼ੋਰ ਕੁਮਾਰ, ਪੰਡਿਤ ਹਰਮੇਸ਼ ਤੇ ਹੈਪੀ ਅਤੇ ਹੋਰ ਸਹਿਜੋਗੀ ਸੱਜਣ ਹਾਜ਼ਰ ਸਨ |