ਮਜਾਰੀ/ਸਾਹਿਬਾ, 16 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਨੂੰ ਲੰਮੇ ਸਮੇਂ ਤੋਂ ਅਣਗੋਲਿਆਂ ਕੀਤਾ ਜਾ ਰਿਹਾ ਹੈ, ਜਿਸ ਕਰਕੇ ਮੁਲਾਜ਼ਮ ਤੇ ਪੈਨਸ਼ਨਰਾਂ 'ਚ ਨਿਰਾਸ਼ਾ ਪਾਈ ਜਾ ਰਹੀ ਹੈ | ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਡਿੱਠ ਕਰਨਾ ਸਰਕਾਰ ਦੀ ਬੇਰੁਖ਼ੀ ਦਾ ਜਿਉਂਦਾ ਜਾਗਦਾ ਸਬੂਤ ਹੈ | ਸਰਕਾਰ ਵਲੋਂ ਇਨ੍ਹਾਂ ਦਾ 16 ਫ਼ੀਸਦੀ ਡੀ. ਏ. ਦੇਣ ਤੋਂ ਪਾਸਾ ਵਟਣਾ ਤੇ 37 ਭੱਤੇ ਕੱਟ ਕੇ ਅਦਾ ਨਾ ਕਰਨ ਦੀ ਨੀਤੀ ਕਾਰਨ ਮੁਲਾਜ਼ਮ ਇਸ ਵਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਗੇ | ਮਾਨ ਸਰਕਾਰ ਤੇ ਸਾਢੇ ਤਿੰਨ ਸਾਲ ਬੀਤਣ ਤੋਂ ਬਾਅਦ ਵੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ | ਕਸਬਾ ਮਜਾਰੀ ਵਿਖੇ ਹੋਈ ਮੀਟਿੰਗ ਦੌਰਾਨ ਪੈੱ੍ਰਸ ਦੇ ਨਾਂਅ ਇਹ ਬਿਆਨ ਜਾਰੀ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਬਲਾਕ ਬਲਾਚੌਰ ਦੇ ਪ੍ਰਧਾਨ ਚੰਦਰ ਸ਼ੇਖਰ, ਬਲਾਕ ਸੜੋਆ ਦੇ ਪ੍ਰਧਾਨ ਭੁਪਿੰਦਰ ਸਿੰਘ, ਬਲਾਕ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਕੁਮਾਰ ਚਾਹੜ ਮਜਾਰਾ ਤੇ ਸਤਨਾਮ ਮੀਰਪੁਰ ਨੇ ਕਿਹਾ ਕਿ ਪੰਜਾਬ ਦੇ ਪੈਨਸ਼ਨਰ ਅਤੇ ਮੁਲਾਜ਼ਮਾਂ ਨੂੰ ਇਸ ਸਰਕਾਰ ਤੋਂ ਆਸਾਂ ਸਨ, ਪਰ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਅਦ ਵੀ ਮੰਗਾਂ ਨੂੰ ਅਣਗੌਲਿਆ ਕੀਤਾ ਹੋਇਆ ਹੈ | ਇਹ ਸਰਕਾਰ ਤਾਂ ਪਿਛਲੀ ਸਰਕਾਰ ਵਲੋਂ ਕੱਟਿਆ ਜਾਂਦਾ 250 ਰੁ. ਵਿਕਾਸ ਭੱਤਾ ਵੀ ਰੱਦ ਨਹੀਂ ਕਰਵਾ ਸਕੀ | ਇਨ੍ਹਾਂ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਦਾ ਦੀਵਾਲੀ ਤੋਂ ਪਹਿਲਾਂ ਨਿਪਟਾਰਾ ਕੀਤਾ ਜਾਵੇ |