ਨਵਾਂਸ਼ਹਿਰ, 16 ਅਕਤੂਬਰ (ਜਸਬੀਰ ਸਿੰਘ ਨੂਰਪਰ)-ਨਵਾਂਸ਼ਹਿਰ ਦੇ ਬੀ. ਐਲ. ਐਮ. ਗਰਲਜ਼ ਕਾਲਜ ਇੰਗਲਿਸ਼ ਲਿਟਰੇਰੀ ਫੋਰਮ ਦੇ ਇੰਚਾਰਜ ਪ੍ਰੋ. ਨਿਵੇਦਿਤਾ ਤੇ ਪ੍ਰੋ ਰੂਹੀ ਵਲੋਂ ਵਿਦਿਆਰਥਣਾਂ ਦੀ ਰਚਨਾਤਮਕ ਯੋਗਤਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਇਕ ਕੋਟੇਸ਼ਨ ਕਮ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਵਿਦਿਆਰਥਣਾਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ਰਚਨਾਤਮਕ ਢੰਗ ਨਾਲ ਪੇਸ਼ ਕੀਤੇ | ਸੋਨੀਆ ਨੇ ਪਹਿਲਾ ਸਥਾਨ, ਨਿਸ਼ਿਤਾ ਨੇ ਦੂਜਾ, ਰਿਤਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ, ਜਦ ਕਿ ਕਵਿਤਾ ਨੂੰ ਸੰਤਾਵਨਾ ਇਨਾਮ ਦਿੱਤਾ ਗਿਆ | ਕਾਲਜ ਪਿ੍ੰਸੀਪਲ ਤਰਨਪ੍ਰੀਤ ਕੌਰ ਵਾਲਿਆ ਨੇ ਸਭ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿਚ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਮੰਚ ਵਲੋਂ ਇਸ ਤਰ੍ਹਾਂ ਦੇ ਰਚਨਾਤਮਕ ਤੇ ਸੋਚ ਪ੍ਰੇਰਕ ਮੁਕਾਬਲੇ ਦੇ ਕਰਵਾਉਣ ਲਈ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾ ਸਿਰਫ਼ ਭਾਸ਼ਾ ਤੇ ਕਲਾਤਮਕ ਯੋਗਤਾਵਾਂ ਨੂੰ ਨਿਖਾਰਦੀਆਂ ਹਨ, ਸਗੋਂ ਵਿਦਿਆਰਥਣਾਂ ਨੂੰ ਆਪਣੇ ਵਿਚਾਰ ਆਤਮ-ਵਿਸ਼ਵਾਸ ਨਾਲ ਅਤੇ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਲਈ ਪ੍ਰੇਰਿਤ ਕਰਦੀਆਂ ਹਨ | ਇਸ ਮੌਕੇ ਸਾਰੇ ਕਾਲਜ ਸਟਾਫ ਮੈਂਬਰ ਸ਼ਾਮਿਲ ਸਨ |