ਕਾਠਗੜ੍ਹ, 23 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਾਂਝਾ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪਿੰਡ ਟੌਂਸਾ ਯੂਨਿਟ ਦੀ ਮੀਟਿੰਗ ਸਾਥੀ ਮਨੋਹਰ ਲਾਲ ਅਤੇ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਨੇ ਪੂੰਜੀਵਾਦੀ ਕਾਰਪੋਰੇਟ ਦਾ ਹਿਤ ਪਾਲਦੇ ਹੋਏ ਬਿਜਲੀ ਸੋਧ ਬਿੱਲ 2025 ਦਾ ਖਰੜਾ 9 ਅਕਤੂਬਰ 2025 ਨੂੰ ਜਾਰੀ ਕੀਤਾ ਸੀ | ਇਹ ਬਿਜਲੀ ਸੋਧ ਬਿਲ ਬਿਜਲੀ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਵੀ ਸਾਜ਼ਿਸ਼ ਹੈ | ਜੇ ਇਹ ਸੋਧ ਬਿੱਲ ਪਾਸ ਹੋ ਜਾਂਦਾ ਹੈ ਤਾਂ ਬਿਜਲੀ ਦੀ ਵੰਡ ਦਾ ਕੰਮ ਸਰਕਾਰ ਦੀ ਥਾਂ ਨਿੱਜੀ ਪੂੰਜੀਵਾਦੀ ਕਾਰਪੋਰੇਟ ਕੰਪਨੀਆਂ ਕਰਨਗੀਆਂ | ਇੱਕ ਇਲਾਕੇ ਵਿੱਚ ਕਈ ਨਿੱਜੀ ਕੰਪਨੀਆਂ ਕੰਮ ਕਰਨਗੀਆਂ ਅਤੇ ਨਿੱਜੀ ਕਾਰਪੋਰੇਟ ਨੂੰ ਬਿਜਲੀ ਦੀ ਵੰਡ ਦਾ ਠੇਕਾ ਦੇ ਦਿੱਤਾ ਜਾਵੇਗਾ | ਇਸ ਤਰ੍ਹਾਂ ਨਿੱਜੀ ਕਾਰਪੋਰੇਟ ਨੂੰ ਲੋਕਾਂ ਦੀ ਖੁੱਲ੍ਹੀ ਲੁੱਟ ਕਰਨ ਦੀ ਆਗਿਆ ਦੇ ਦਿੱਤੀ ਜਾਵੇਗੀ | ਨਿੱਜੀ ਕੰਪਨੀਆਂ ਸਰਕਾਰੀ ਤਾਰਾਂ ਦੀ ਵਰਤੋਂ ਕਰ ਸਕਣਗੀਆਂ ਅਤੇ ਬਿਜਲੀ ਦੇ ਰੇਟ ਖ਼ੁਦ ਤੈਅ ਕਰਨਗੀਆਂ | ਇਹ ਨਿੱਜੀ ਕੰਪਨੀਆਂ ਬਿਜਲੀ ਬਿੱਲਾਂ ਦੀ ਉਗਰਾਹੀ ਦਾ ਕੰਮ ਵੀ ਖ਼ੁਦ ਹੀ ਕਰਨਗੀਆਂ | ਉਨ੍ਹਾਂ ਅੱਗੇ ਦੱਸਿਆ ਕਿ ਨਵਾਂ ਸੋਧ ਬਿੱਲ ਕਾਨੂੰਨ ਬਣ ਕੇ ਕਰਾਸ ਸਬਸਿਡੀ ਖ਼ਤਮ ਕਰੇਗਾ | ਮੁਫ਼ਤ ਜਾਂ ਸਸਤੀ ਬਿਜਲੀ ਦੇਣ ਦੀ ਸਹੂਲਤ ਹੌਲੀ-ਹੌਲੀ ਖ਼ਤਮ ਕਰ ਦਿੱਤੀ ਜਾਵੇਗੀ | ਰਾਜਾਂ ਦੇ ਅਧਿਕਾਰ ਵਿੱਚ ਵੀ ਕਟੌਤੀ ਕਰਨ ਦਾ ਸੰਦੇਸ਼ ਹੈ | ਸਾਰੇ ਅਧਿਕਾਰ ਨੈਸ਼ਨਲਿਟੀ ਕੌਂਸਲ ਕੋਲ ਚਲੇ ਜਾਣਗੇ, ਜਿਸ ਦੇ ਫ਼ੈਸਲੇ ਮੁੱਖ ਤੌਰ 'ਤੇ ਕੇਂਦਰ ਸਰਕਾਰ ਹੀ ਕਰੇਗੀ | ਨਵੇਂ ਕਾਨੂੰਨ ਰਾਹੀਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਮਹਿੰਗੇ ਰੇਟਾਂ 'ਤੇ ਬਿਜਲੀ ਸਪਲਾਈ ਕੀਤੀ ਜਾਵੇਗੀ ਅਤੇ ਮੁਫ਼ਤ ਅਤੇ ਸਸਤੀ ਬਿਜਲੀ ਦੇਣ ਦੀ ਸਹੂਲਤ ਖ਼ਤਮ ਹੋ ਜਾਵੇਗੀ | ਇਹ ਬਿੱਲ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੇ ਹੱਕਾਂ 'ਤੇ ਸਿੱਧਾ ਡਾਕਾ ਹੈ | ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਬਿਜਲੀ ਸੋਧ ਬਿਲ 2025 ਦਾ ਡਟ ਕੇ ਵਿਰੋਧ ਕੀਤਾ ਜਾਵੇ |