ਔੜ, 3 ਦਸੰਬਰ (ਗੁਰਨਾਮ ਸਿੰਘ ਸੈਣੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਭਾਰਤੀ ਖੇਤੀ ਖੋਜ ਸੰਸਥਾ ਅਟਾਰੀ ਜੋਨ-1 ਲੁਧਿਆਣਾ ਦੀ ਅਗਵਾਈ ਹੇਠ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਨੇ ਖੇਤੀਬਾੜੀ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਖੇਤੀਬਾੜੀ ਦਫਤਰ ਔੜ ਵਿਖੇ ਕੁਦਰਤੀ ਖੇਤੀ 'ਤੇ ਇੱਕ ਦਿਨ ਦਾ ਸਿਖਲਾਈ ਪ੍ਰੋਗਰਾਮ ਡਾ. ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ ਅਤੇ ਇਸ ਦਾ ਉਦੇਸ਼ ਕਿਸਾਨ ਭਾਈਚਾਰੇ ਨੂੰ ਕੁਦਰਤੀ ਖੇਤੀ ਦੀ ਵੱਧ ਰਹੀ ਮਹੱਤਤਾ ਅਤੇ ਲਾਭਾਂ ਪ੍ਰਤੀ ਜਾਣੂ ਕਰਵਾਉਣਾ ਸੀ | ਇਸ ਸਿਖਲਾਈ ਪ੍ਰੋਗਰਾਮ ਵਿੱਚ 50 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ ਜੋ ਖੇਤੀ ਰਸਾਇਣਾਂ ਤੇ ਨਿਰਭਰਤਾ ਨੂੰ ਘਟਾਉਣ ਵਾਲੀਆਂ ਟਿਕਾਊ ਖੇਤੀ ਤਕਨੀਕਾਂ ਬਾਰੇ ਆਪਣੀ ਸਮਝ ਨੂੰ ਵਧਾਉਣ ਲਈ ਇਕੱਠੇ ਹੋਏ ਸਨ | ਇਸ ਸਿਖਲਾਈ ਕੋਰਸ ਵਿੱਚ ਡਾ. ਦੀਪਕ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਨੇ ਸਾਰੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਖੇਤੀਬਾੜੀ ਵਿੱਚ ਆਉਣ ਵਾਲੀਆਂ ਵਾਤਾਵਰਨ ਅਤੇ ਆਰਥਿਕ ਚੁਨੌਤੀਆਂ ਦੇ ਮੱਦੇ ਨਜ਼ਰ ਕੁਦਰਤੀ ਖੇਤੀ ਦੀਆਂ ਵਿਧੀਆਂ ਨੂੰ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ | ਡਾ. ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਨੇ ਵਾਤਾਵਰਨ ਅਨੁਕੂਲ ਕੀਟ ਪ੍ਰਬੰਧਨ ਪ੍ਰਣਾਲੀਆਂ ਅਤੇ ਬੀਜਾਮਿ੍ਤ, ਜੀਵਾਮਿ੍ਤ, ਨਿੰਮਾਸਤਰ, ਬ੍ਰਹਮਸਤਰ ਅਤੇ ਅਗਨੀ ਅਸਤਰ ਵਰਗੇ ਕੁਦਰਤੀ ਖੇਤੀ ਦੇ ਫਾਰਮੂਲਿਆਂ ਦੀ ਤਿਆਰੀ ਅਤੇ ਵਰਤੋਂ ਬਾਰੇ ਵਿਸਤਾਰ ਨਾਲ ਦੱਸਿਆ ਜੋ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਪੌਦਿਆਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਤਕਨੀਕੀ ਸੈਸ਼ਨਾਂ ਨੂੰ ਜਾਰੀ ਰੱਖਦੇ ਹੋਏ ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਕੁਦਰਤੀ ਖੇਤੀ ਦੇ ਮੁੱਖ ਸਿਧਾਂਤਾਂ ਅਤੇ ਖੇਤ ਪੱਧਰ 'ਤੇ ਲਾਗੂ ਕਰਨ 'ਤੇ ਸੁਝਾਅ ਦਿੱਤੇ | ਪ੍ਰੋਗਰਾਮ ਡਾ. ਆਰਤੀ ਵਰਮਾ ਦੁਆਰਾ ਦਿੱਤੇ ਧੰਨਵਾਦ ਭਾਸਣ ਦੇ ਨਾਲ ਸਮਾਪਤ ਹੋਇਆ | ਇਸ ਮੌਕੇ 'ਤੇ ਮੈਡਮ ਅੰਜੂ ਸਾਗਰ ਖੇਤੀਬਾੜੀ ਵਿਸਥਾਰ ਅਫਸਰ, ਮੋਨਿਕਾ ਖੇਤੀਬਾੜੀ ਵਿਕਾਸ ਅਫਸਰ, ਰਮਨ ਕੁਮਾਰ ਭੂਮੀ ਰੱਖਿਆ ਅਫਸਰ, ਸ਼ਵਿਰਾਜ ਸਿੰਘ ਖੇਤੀਬਾੜੀ ਉਪ-ਨਿਰੀਖਕ, ਜਸਵਿੰਦਰ ਸਿੰਘ ਖੇਤੀਬਾੜੀ ਸਹਾਇਕ ਅਤੇ ਗਾਥੂ ਰਾਮ ਬੇਲਦਾਰ ਹਾਜ਼ਰ ਸਨ |