ਫ਼ਤਹਿਗੜ੍ਹ ਸਾਹਿਬ, 19 ਜੂਨ (ਬਲਜਿੰਦਰ ਸਿੰਘ)-ਆਗਾਮੀ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ੍ਰੀ ਅਮਰਨਾਥ ਬਰਫ਼ਾਨੀ ਸੇਵਾ ਦਲ ਵਲੋਂ ਲਗਾਏ ਜਾਣ ਵਾਲੇ ਸਾਲਾਨਾ 29ਵੇਂ ਭੰਡਾਰੇ ਦੀਆਂ ਅਗਾਊਾ ਤਿਆਰੀਆਂ ਲਈ ਰਾਸ਼ਨ ਸਮਗਰੀ ਤੇ ਸਾਮਾਨ ਨਾਲ ਭਰੇ ਟਰੱਕ ਬਾਲਟਾਲ ਲਈ ਰਵਾਨਾ ਕੀਤੇ ਗਏ | ਇਸ ਮੌਕੇ ਸਾਬਕਾ ਵਿਧਾਇਕ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਪ੍ਰਵੀਨ ਕੁਮਾਰ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਟੀਮ ਦੇ ਸੇਵਾਦਾਰਾਂ, ਰਾਸ਼ਨ ਸਮਗਰੀ ਤੇ ਹੋਰ ਲੋੜੀਂਦੇ ਸਮਾਨ ਦੇ ਟਰੱਕਾਂ ਨੂੰ ਬਾਲਟਾਲ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਯਾਤਰਾ ਦੌਰਾਨ ਸਾਰਿਆਂ ਦੀ ਸੁਰੱਖਿਆ ਦੀ ਕਾਮਨਾ ਕੀਤੀ | ਇਸ ਤੋਂ ਪਹਿਲਾਂ ਸੇਵਾਦਲ ਵਲੋਂ ਹਵਨ ਅਤੇ ਪੂਜਾ ਕੀਤੀ ਗਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾ ਦਲ ਦੇ ਪ੍ਰਧਾਨ ਅਰੁਣ ਸੂਰੀ ਨੇ ਕਿਹਾ ਕਿ ਭੇਜੇ ਗਏ ਸਾਮਾਨ ਵਿਚ ਸ਼ਰਧਾਲੂਆਂ ਦੇ ਠਹਿਰਨ ਲਈ ਟੈਂਟ, ਰਾਸ਼ਨ, ਪੀਣ ਵਾਲਾ ਪਾਣੀ ਅਤੇ ਹੋਰ ਸਮਾਨ ਸ਼ਾਮਿਲ ਹੈ, ਜੋ ਪੰਚਤਰਨੀ ਪਹੁੰਚਣ ਤੋਂ ਬਾਅਦ ਅਗਾਊਾ ਪ੍ਰਬੰਧਾਂ ਨੂੰ ਪੂਰਾ ਕਰਨਗੇ | ਇਸ ਮੌਕੇ ਪਹਿਲੇ ਜਥੇ ਵਿਚ ਸਰਹਿੰਦ, ਬਸੀ ਅਤੇ ਹੋਰ ਕੇਂਦਰਾਂ ਦੇ ਸੇਵਾਦਾਰ ਸ਼ਾਮਿਲ ਹਨ | ਇਸ ਤੋਂ ਬਾਅਦ ਦੂਜਾ ਜਥਾ 29 ਜੂਨ ਨੂੰ ਪ੍ਰਧਾਨ ਅਰੁਣ ਸੂਰੀ ਦੀ ਅਗਵਾਈ ਹੇਠ ਰਵਾਨਾ ਹੋਵੇਗਾ, ਜਿਸ ਵਿਚ ਲੰਗਰ ਸਮੱਗਰੀ, ਦਵਾਈਆਂ, ਹੋਰ ਸਮਾਨ ਅਤੇ ਸੇਵਾਦਾਰ ਜਾਣਗੇ | ਉਨ੍ਹਾਂ ਕਿਹਾ ਕਿ ਪੂਰੀ ਯਾਤਰਾ ਦੌਰਾਨ ਉਨ੍ਹਾਂ ਦੀ ਟੀਮ ਭੋਲੇ ਬਾਬਾ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਭੋਜਨ, ਰਿਹਾਇਸ਼, ਦਵਾਈ ਆਦਿ ਵਰਗੀ ਹਰ ਸਹੂਲਤ ਪ੍ਰਦਾਨ ਕਰੇਗੀ ਤਾਂ ਜੋ ਕਿਸੇ ਵੀ ਸ਼ਰਧਾਲੂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਸਕੱਤਰ ਗੁਲਸ਼ਨ ਰਾਏ, ਦਵਿੰਦਰ ਕੁਮਾਰ ਭੱਟ, ਅਸ਼ੋਕ ਕੁਮਾਰ, ਸੰਜੀਵ ਕੁਮਾਰ, ਗੁਰਮੁਖ ਸਿੰਘ, ਸ਼ਿਵ ਦਾਸ, ਭਪਿੰਦਰ ਸਿੰਘ, ਨਰਿੰਦਰ ਰਾਣਾ, ਰਮੇਸ਼ ਕੁਮਾਰ, ਹਰੀ ਚੰਦ, ਸ਼ਿਆਮ ਸੁੰਦਰ, ਵਿਜੇ ਗੁਪਤਾ ਅਤੇ ਟੀਮ ਦੇ ਸੇਵਾਦਾਰ ਵੀ ਮੌਜੂਦ ਸਨ |