21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਦਹਾਕਿਆਂ ਤੋਂ ਵਿਰਾਸਤੀ ਸ਼ਹਿਰ ਦੀਆਂ ਪਾਰਕਾਂ 'ਤੇ ਹੋ ਰਹੇ ਕਬਜ਼ਿਆਂ ਨੂੰ ਕੀ ਛੁਡਾਵੇਗੀ 'ਆਪ' ਦੀ ਟੀਮ.........?

ਅਜੀਤ ਡੈਸਕ 22-06-2025
ਪਟਿਆਲਾ, 21 ਜੂਨ (ਗੁਰਪ੍ਰੀਤ ਸਿੰਘ ਚੱਠਾ)-ਵਿਰਾਸਤੀ ਸ਼ਹਿਰ ਪਟਿਆਲਾ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ਵਾਲੀਆਂ ਪਾਰਕਾਂ 'ਤੇ ਹੋਏ ਨਾਜਾਇਜ਼ ਕਬਜ਼ੇ ਇਸ ਚੰਨ ਨੂੰ ਗ੍ਰਹਿਣ ਬਣ ਕੇ ਰਹਿ ਗਏ ਹਨ | ਕਾਂਗਰਸੀ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਦਹਾਕਿਆਂ ਤੋਂ ਹੋਏ ਕਬਜ਼ਿਆਂ ਨੂੰ ਕੀ ਹੁਣ ਆਮ ਆਦਮੀ ਪਾਰਟੀ ਵਾਲੀ ਨਗਰ ਨਿਗਮ ਦੀ ਟੀਮ ਛੁਡਵਾ ਸਕੇਗੀ ਜਾਂ ਨਹੀਂ ਇਹ ਸਵਾਲ ਖੜ੍ਹਾ ਹੋਇਆ ਹੈ | ਹੈਰਾਨਗੀ ਦੀ ਗੱਲ ਹੈ ਕਿ ਸ਼ਹਿਰ ਦੀ ਨਗਰ ਯੋਜਨਾ ਸਕੀਮ ਅਧੀਨ ਬਣੀਆਂ 198 ਸਰਕਾਰੀ ਪਾਰਕਾਂ ਵਿਚੋਂ 91 ਪਾਰਕਾਂ ਤੇ ਲੋਕਾਂ ਦੇ ਨਾਜਾਇਜ਼ ਕਬਜ਼ੇ ਹਨ | ਹੋਰ ਵੀ ਹੈਰਾਨਗੀ ਦੀ ਗੱਲ ਇਹ ਹੈ ਕਿ ਇਨ੍ਹਾਂ ਕਬਜ਼ਿਆਂ ਦਾ ਵੇਰਵਾ ਇਕ ਆਰ.ਟੀ.ਆਈ. ਕਰਤਾ ਵਲੋਂ ਮੰਗਣ 'ਤੇ ਬਾਕਾਇਦਾ ਨਿਗਮ ਨੇ ਆਪਣੇ ਰਿਕਾਰਡ ਤੋਂ ਦੇਖ ਕੇ ਲਿਖਤੀ ਦਿੱਤਾ ਹੈ | ਵੱਡੀ ਗਿਣਤੀ ਵਿਚ ਹੋਏ ਇਨ੍ਹਾਂ ਕਬਜ਼ਿਆਂ ਨੂੰ ਛੁਡਵਾਉਣ ਲਈ ਨਗਰ ਨਿਗਮ ਦੇ ਪ੍ਰਸ਼ਾਸਨ ਵਲੋਂ ਨੋਟਿਸ ਜਾਰੀ ਕਰਕੇ ਦਹਾਕਿਆਂ ਤੋਂ ਹੋਏ ਕਬਜ਼ਿਆਂ ਨੂੰ ਛੁਡਵਾਉਣ ਦੀ ਥਾਂ ਸਮਾਂ ਟਪਾਇਆ ਗਿਆ ਹੈ | ਹੁਣ ਕੁਝ ਸਮਾਂ ਪਹਿਲਾਂ ਹੀ ਨਗਰ ਨਿਗਮ ਪਟਿਆਲਾ ਵਿਚ ਆਪ ਪਾਰਟੀ ਨਾਲ ਸੰਬੰਧਿਤ ਟੀਮ ਨਵੇਂ ਮੇਅਰ ਕੰੁਦਨ ਗੋਗੀਆ ਦੀ ਬਣੀ ਹੈ | ਉਨ੍ਹਾਂ ਦੀ ਟੀਮ ਦੇ ਕਾਰਜਕਾਲ ਵਿਚ ਕੁਝ ਦਿਨ ਪਹਿਲਾਂ ਡੀ.ਸੀ. ਗੁਪਤਾ ਨੇ ਨਿਗਮ ਤੋਂ ਇਹ ਜਾਣਕਾਰੀ ਮੰਗੀ ਸੀ ਜਿਸ ਦੇ ਜਵਾਬ 'ਚ ਇਹ ਦੱਸਿਆ ਗਿਆ ਹੈ ਕਿ ਸ਼ਹਿਰ ਦੀਆਂ 91 ਪਾਰਕਾਂ 'ਤੇ ਕਬਜਾ ਕੀਤਾ ਹੋਇਆ ਹੈ | ਇਸ ਵਿਚ 41 ਪਾਰਕਾਂ ਅਜਿਹੀਆਂ ਵੀ ਹਨ ਜਿਨ੍ਹਾਂ 'ਤੇ ਕਬਜ਼ੇ ਦਾ ਰਿਕਾਰਡ ਨਿਗਮ ਕੋਲ ਮੌਜੂਦ ਨਹੀਂ ਹੈ | ਸ਼ਹਿਰ ਦੀਆਂ ਜਿਹੜੀਆਂ ਪਾਰਕਾਂ 'ਤੇ ਕਬਜ਼ੇ ਹਨ ਉਸ ਵਿਚ ਇੰਦਰਾ ਕਾਲੋਨੀ ਵਿਚ ਕਈ ਥਾਵਾਂ 'ਤੇ ਪਾਰਕਾਂ 'ਤੇ ਕਬਜ਼ੇ ਹਨ | ਇਸੇ ਤਰ੍ਹਾਂ ਤਿ੍ਪੜੀ ਸ਼ਮਸ਼ਾਨਘਾਟ ਦੇ ਸਾਹਮਣੇ, ਝਿੱਲ ਰੋਡ, ਗ੍ਰੀਨ ਪਾਰਕ ਕਾਲੋਨੀ, ਰੇਲਵੇ ਸਟੇਸ਼ਨ ਦੇ ਨੇੜੇ ਡੀ.ਐਲ.ਐਫ. ਕਾਲੋਨੀ, ਹਰਗੋਬਿੰਦ ਨਗਰ, ਸਨੌਰ ਰੋਡ, ਤੇਜ ਬਾਗ ਕਾਲੋਨੀ, ਜੋਤੀ ਇਨਕਲੇਵ, ਭਰਪੂਰ ਗਾਰਡਨ, ਬਿੰਦਰਾ ਕਾਲੋਨੀ, ਫ਼ੈਕਟਰੀ ਏਰੀਆ ਅਤੇ ਪ੍ਰਤਾਪ ਕਾਲੋਨੀ ਤੋਂ ਇਲਾਵਾ ਹੋਰ ਕਈ ਪਾਰਕਾਂ ਸ਼ਾਮਲ ਹਨ | ਇਸ ਸੰਬੰਧੀ ਆਰ.ਟੀ.ਆਈ. ਕਰਤਾ ਡੀ.ਸੀ. ਗੁਪਤਾ ਦਾ ਕਹਿਣਾ ਹੈ ਕਿ ਨਵੀਂ ਟੀਮ ਦੇ ਨਵੇਂ ਮੇਅਰ ਕੁੰਦਨ ਗੋਗੀਆ ਦਾ ਅਕਸ ਸਾਫ਼ ਸੁਥਰਾ ਮੰਨਿਆ ਜਾ ਰਿਹਾ ਹੈ ਜਿਸ ਤੋਂ ਉਸ ਨੂੰ ਉਮੀਦ ਹੈ ਕਿ ਪਾਰਕਾਂ ਤੋਂ ਕਬਜ਼ੇ ਛੁਡਵਾਉਣ ਲਈ ਜ਼ਰੂਰ ਕਾਰਵਾਈ ਹੋਵੇਗੀ | ਇਸ ਸੰਬੰਧੀ ਫੋਨ 'ਤੇ ਗੱਲ ਕਰਦਿਆਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਜੋ ਵੀ ਨਾਜਾਇਜ਼ ਕਬਜ਼ੇ ਪਾਰਕਾਂ ਤੇ ਕੀਤੇ ਹੋਏ ਹਨ ਉਨ੍ਹਾਂ ਦੀ ਸ਼ਨਾਖ਼ਤ ਕਰਕੇ ਪਟਵਾਰੀਆਂ ਤੋਂ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ | ਇਹ ਪ੍ਰਕਿ੍ਆ ਪੂਰੀ ਹੁੰਦਿਆਂ ਹੀ ਪਾਰਕਾਂ ਦੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਮੁਹਿੰਮ ਵਿੱਢੀ ਜਾਵੇਗੀ | ਉਨ੍ਹਾਂ ਕਿਹਾ ਕਿਹਾ ਕਿ ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦੀ ਸੁੰਦਰਤਾ ਲਈ ਇਹ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਰੋਜ਼ਗਾਰ ਦੇਣ ਦੇ ਮੌਕਿਆਂ ਨੇ ਨੌਜਵਾਨਾਂ ਨੂੰ 'ਆਪ' ਨਾਲ ਜੋੜਿਆ-ਚੇਅਰਮੈਨ ਹਡਾਣਾ ਅਗਲੀ ਖ਼ਬਰ ਅੱਧਾ ਕਿੱਲੋ ਅਫ਼ੀਮ ਸਣੇ ਇਕ ਔਰਤ ਸਮੇਤ 2 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।