ਫ਼ਤਹਿਗੜ੍ਹ ਸਾਹਿਬ, 21 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਮੰਡੀ ਗੋਬਿੰਦਗੜ੍ਹ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ (ਖ਼ਾਲਸਾ) ਵਿਖੇ ਹੋਣ ਵਾਲੇ ਨਿਰੰਕਾਰੀ ਸੰਤ ਸਮਾਗਮ ਦਾ ਤਿੱਖਾ ਵਿਰੋਧ ਪ੍ਰਗਟਾਉਂਦਿਆਂ ਕਿਹਾ ਕਿ ਮੌਜੂਦਾ ਭਾਜਪਾ-ਆਰ.ਐਸ.ਐਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋ ਪੰਜਾਬ ਦੇ ਹਾਲਾਤਾਂ ਨੂੰ ਅਤਿ ਵਿਸਫੋਟਕ ਬਣਾਉਣ ਲਈ ਕੇਵਲ ਵੱਖ-ਵੱਖ ਖੇਤਰਾਂ ਵਿਚ ਡੂੰਘੀ ਸਾਜ਼ਿਸ਼ਾਂ ਹੀ ਨਹੀਂ ਰਚੀਆਂ ਜਾ ਰਹੀਆਂ, ਸਗੋਂ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਲਈ ਸਰਕਾਰੀ ਸੁਰੱਖਿਆ ਅਤੇ ਸਰਕਾਰੀ ਪ੍ਰਵਾਨਗੀ ਦੇ ਕੇ ਅਜਿਹੇ ਅਮਲ ਕੀਤੇ ਜਾ ਰਹੇ ਹਨ ਜਿਸ ਨਾਲ ਪੰਜਾਬ ਦੇ ਹਾਲਾਤ ਫਿਰ ਤੋਂ 1984 ਵਾਲੇ ਬਣ ਜਾਣ | ਉਨ੍ਹਾਂ ਕਿਹਾ ਕਿ ਹਕੂਮਤੀ ਸਰਪ੍ਰਸਤੀ ਹੇਠ ਨਿਰੰਕਾਰੀਆਂ ਨੂੰ ਖ਼ਾਲਸਾਈ ਸਥਾਨਾਂ ਵਿਚ ਸਮਾਗਮ ਕਰਵਾਉਣ ਦੀ ਇਜਾਜ਼ਤ ਦੇਣਾ ਅਤੇ ਉਨ੍ਹਾਂ ਦੀ ਸੁਰੱਖਿਆ ਕਰਕੇ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਨੂੰ ਫਿਰ ਤੋਂ ਇਕ ਵੱਡੇ ਦੁਖਾਂਤ ਵੱਲ ਧੱਕਿਆ ਜਾ ਸਕੇ | ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਸਿੱਖ ਕੌਮ ਬਿਲਕੁਲ ਸਹਿਣ ਨਹੀਂ ਕਰੇਗੀ | ਉਨ੍ਹਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੋਨਾ ਥਿੰਦ ਨੂੰ ਉਚੇਚੇ ਤੌਰ 'ਤੇ 26 ਜੂਨ ਨੂੰ ਹੋ ਰਹੇ ਨਿਰੰਕਾਰੀ ਸੰਤ ਸਮਾਗਮ ਨੂੰ ਰੋਕਣ ਦੀ ਜ਼ਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਜੇਕਰ ਹਕੂਮਤੀ ਪ੍ਰਭਾਵ ਤੇ ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜ਼ਿਸ਼ਾਂ ਨੂੰ ਪੂਰਨ ਕਰਨ ਦੀ ਭੁੱਲ ਕੀਤੀ ਗਈ ਤਾਂ ਸਿੱਖ ਕੌਮ 'ਚ ਉੱਠ ਰਹੇ ਰੋਹ ਦੇ ਮਾਰੂ ਨਤੀਜਿਆਂ ਲਈ ਸਰਕਾਰ ਤੇ ਪ੍ਰਬੰਧਕ ਕਮੇਟੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗੀ |