ਫ਼ਤਹਿਗੜ੍ਹ ਸਾਹਿਬ, 31 ਅਗਸਤ (ਰਵਿੰਦਰ ਮੌਦਗਿਲ)-ਸੀਨੀਅਰ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਖੰਨਾ ਦੇ ਕੋਆਰਡੀਨੇਟਰ ਮਨਜੀਤ ਸ਼ਰਮਾ ਸਰਹਿੰਦ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੇਕਰ ਅਗੇਤੇ ਪ੍ਰਬੰਧ ਕੀਤੇ ਹੁੰਦੇ ਤਾਂ ਹੜ੍ਹਾਂ ਕਾਰਨ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਨਾ ਹੁੰਦੀ | ਉਨ੍ਹਾਂ ਕਿਹਾ ਕਿ ਹੜ੍ਹਾਂ ਦੀ ਲਪੇਟ ਵਿਚ ਆਏ ਲੋਕਾਂ ਕੋਲ ਨਾ ਰਹਿਣ ਲਈ ਛੱਤ, ਨਾ ਹੀ ਪਸ਼ੂਆਂ ਲਈ ਚਾਰਾ ਅਤੇ ਨਾ ਹੀ ਖਾਣ ਲਈ ਦਾਣੇ ਹਨ | ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਤੇਜ਼ ਮੀਂਹ ਅਤੇ ਨਹਿਰਾਂ ਵਿਚ ਪਾਣੀ ਛੱਡੇ ਜਾਣ ਕਾਰਨ ਆਏ ਹੜ੍ਹ ਪੀੜਤਾਂ ਦਾ ਸਭ ਕੁਝ ਆਪਣੇ ਨਾਲ ਵਹਾਅ ਕੇ ਲੈ ਗਏ ਹਨ ਜਿਸ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ | ਉਨ੍ਹਾਂ ਸਾਰਿਆਂ ਨੂੰ ਇਸ ਕੁਦਰਤੀ ਆਫ਼ਤ ਦਾ ਰਲ-ਮਿਲ ਕੇ ਟਾਕਰਾ ਕਰਨ ਤੇ ਹੜ੍ਹ ਪੀੜਤਾਂ ਦੀ ਹਰ ਹੀਲੇ ਮਦਦ ਕਰਨ ਦੀ ਅਪੀਲ ਕੀਤੀ | ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਤੋਂ ਇਸ ਆਫ਼ਤ ਨੂੰ ਲੈ ਕੇ ਪੰਜਾਬ ਲਈ ਵਿੱਤੀ ਪੈਕੇਜ ਦੇਣ ਦੀ ਮੰਗ ਵੀ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਸਮਾਂ ਰਹਿੰਦੇ ਨਾਲੇ, ਤਲਾਬ, ਘੱਗਰ, ਦਰਿਆਵਾਂ ਦੀ ਸਫ਼ਾਈ ਕਰਵਾਈ ਹੁੰਦੀ ਤੇ ਫੋਕੀਆਂ ਗੱਲਾਂ ਤੇ ਚੁਟਕਲੇ ਪੇਸ਼ ਕਰਨ ਵਿਚ ਸਮਾਂ ਨਾ ਬਰਬਾਦ ਕੀਤਾ ਹੁੰਦਾ ਤਾਂ ਸ਼ਾਇਦ ਪੰਜਾਬ ਵਿਚ ਹੜ੍ਹਾਂ ਕਾਰਨ ਹਾਲਾਤ ਇੰਨੇ ਨਾ ਵਿਗੜਦੇ | ਇਸ ਮੌਕੇ ਤੇਜਵੰਸ ਸਿੰਘ ਭਾਸੀਨ, ਮਿਸਤਰੀ ਅਮਰ ਸਿੰਘ, ਗੁਰਮੇਲ ਸਿੰਘ ਰਾਮਦਾਸ ਨਗਰ, ਬਲਬੀਰ ਸਿੰਘ ਦੀਪ, ਅਸ਼ਵਨੀ ਸ਼ਰਮਾ ਹਾਜ਼ਰ ਸਨ |