ਖਮਾਣੋਂ, 16 ਅਕਤੂਬਰ (ਮਨਮੋਹਣ ਸਿੰਘ ਕਲੇਰ)-ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਜ਼ਿਲ੍ਹਾ ਫੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਦੀਵਾਲੀ ਅਤੇ ਤਿਉਹਾਰਾਂ ਦੇ ਮੌਸਮ 'ਚ ਹੁਣ ਖਾਣ ਪੀਣ ਦੀਆਂ ਵਸਤੂਆਂ ਦੀ ਜਾਂਚ 'ਚ ਤੇਜੀ ਲਿਆਂਦੀ ਜਾਵੇ | ਕਿਉਂਕਿ ਅਜਿਹੇ ਤਿਉਹਾਰ ਮੌਕੇ ਖਾਦ ਪਦਾਰਥਾਂ ਦੀ ਵਿੱਕਰੀ ਤੇ ਖਪਤ ਜ਼ਿਆਦਾ ਹੋਣ ਕਾਰਨ ਗੁਣਵੱਤਾ ਸ਼ੱਕੀ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਭਾਗ ਵਲੋਂ ਜਾਂਚ ਦਾ ਡਰਾਮਾ ਕਰਕੇ ਅਖ਼ਬਾਰੀ ਖ਼ਬਰਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਭਾਗ ਇਸ ਮਾਮਲੇ 'ਚ ਪੂਰੀ ਮੁਸਤੈਦੀ ਦਿਖਾ ਰਿਹਾ ਹੈ | ਪਰ ਉਕਤ ਵਿਭਾਗ ਖਾਣ ਪੀਣ ਦੀਆਂ ਵਸਤੂਆਂ ਦੀ ਜਾਂਚ ਦੀ ਕਾਰਵਾਈ ਕਾਫ਼ੀ ਢਿੱਲੀ ਚਲ ਰਹੀ ਹੈ | ਉਨ੍ਹਾਂ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਤੁਰੰਤ ਵਿਭਾਗ ਸਮੇਤ ਹੋਰ ਟੀਮਾਂ ਤਾਇਨਾਤ ਕਰਕੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਮਿਲਾਵਟੀ ਅਤੇ ਘਟੀਆ ਕਿਸਮ ਦੇ ਖਾਦ ਪਦਾਰਥ ਦੀ ਵਿੱਕਰੀ ਹੋਣ ਤੋਂ ਰੋਕਣਾ ਯਕੀਨੀ ਬਣਾਇਆ ਜਾਵੇ |