ਸਮਾਣਾ, 17 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਦੂਰਅੰਦੇਸ਼ੀ ਨੀਤੀਆਂ ਨੂੰ ਸਾਕਾਰ ਕਰਦਿਆਂ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੱਡੀਆਂ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਦਾ ਐਲਾਨ ਕੀਤਾ | ਉਨ੍ਹਾਂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਜੋੜਨ ਲਈ ਇਕ ਕਰੋੜ ਸਤਾਈ ਲੱਖ ਦਸ ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀਆਂ ਲਗਭਗ 6.25 ਕਿੱਲੋਮੀਟਰ ਲੰਬਾਈ ਵਾਲੀਆਂ ਚਾਰ ਨਵੀਆਂ ਸੜਕਾਂ ਦਾ ਕੰਮ ਸ਼ੁਰੂ ਕੀਤਾ | ਇਹ ਸੜਕਾਂ ਪਿੰਡਾਂ ਵਿਚ ਯਾਤਰਾ ਨੂੰ ਸੌਖਾ ਬਣਾਉਣਗੀਆਂ ਅਤੇ ਖੇਤੀਬਾੜੀ, ਵਪਾਰ ਤੇ ਰੋਜ਼ਗਾਰ ਨੂੰ ਹੁਲਾਰਾ ਦੇਣਗੀਆਂ | ਵਿਧਾਇਕ ਸ. ਜੌੜਾਮਾਜਰਾ ਨੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਨਾਲ ਪਿੰਡਾਂ ਤੱਕ ਵਿਕਾਸ ਦੀ ਲਹਿਰ ਪਹੁੰਚ ਰਹੀ ਹੈ | ਵਿਕਾਸ ਕੰਮਾਂ ਲਈ ਪੈਸੇ ਦੀ ਕਮੀ ਨਹੀਂ ਹੈ | 70 ਸਾਲਾਂ 'ਚ ਪਹਿਲੀ ਵਾਰ ਹੋਇਆ ਹੈ ਕਿ ਗਰਾਂਟਾਂ ਦਾ ਪੈਸਾ-ਪੈਸਾ ਵਿਕਾਸ ਕੰਮਾਂ ਵਿਚ ਲੱਗ ਰਿਹਾ ਹੈ | ਠੇਕੇਦਾਰਾਂ ਨਾਲ ਹਿੱਸੇਦਾਰੀ ਦਾ ਢਾਂਚਾ ਬੰਦ ਹੋ ਗਿਆ ਹੈ | ਇਹ ਸੜਕਾਂ ਸਮਾਣਾ ਹਲਕੇ ਨੂੰ ਹੋਰ ਮਜ਼ਬੂਤ ਬਣਾਉਣਗੀਆਂ ਅਤੇ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ | ਉਨ੍ਹਾਂ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸ ਪ੍ਰੋਜੈਕਟ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ | ਉਨ੍ਹਾਂ ਪਿੰਡ ਬਠੋਈ ਖ਼ੁਰਦ ਤੋਂ ਦਸਮੇਸ਼ ਨਗਰ (1.20 ਕਿਮੀ) ਲਾਗਤ 21.56 ਲੱਖ ਰੁਪਏ, ਬਠੋਈ ਖ਼ੁਰਦ ਤੋਂ ਦੇਵੀਨਗਰ (2.00 ਕਿਮੀ) ਲਾਗਤ 38.2 ਲੱਖ ਰੁਪਏ, ਰੰਧਾਵਾ ਤੋਂ ਰਾਮਨਗਰ ਕਰਹਾਲੀ ਰੋਡ (1.30 ਕਿਮੀ), ਡਰੋਲੀ ਤੋਂ ਖੇੜੀ ਵਰਨਾ (1.75 ਕਿਮੀ) ਲਾਗਤ 35.83 ਲੱਖ ਰੁਪਏ ਦਾ ਕੰਮ ਸ਼ੁਰੂ ਕਰਵਾਇਆ | ਇਸ ਮੌਕੇ ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਅਤੇ ਨਿੱਜੀ ਸਹਾਇਕ ਗੁਰਦੇਵ ਸਿੰਘ ਟਿਵਾਣਾ ਵੀ ਹਾਜ਼ਰ ਸਨ |