ਮੰਡੀ ਗੋਬਿੰਦਗੜ੍ਹ, 17 ਅਕਤੂਬਰ (ਇਕਬਾਲਦੀਪ ਸੰਧੂ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਮਾਰਟ ਸਕੂਲ ਡਡਹੇੜੀ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਰਵਿੰਦਰ ਕੌਰ ਦੀ ਯੋਗ ਅਗਵਾਈ ਵਿਚ ਮਾਪੇ ਅਧਿਆਪਕ ਮਿਲਣੀ ਹੋਈ | ਮੀਟਿੰਗ ਦੌਰਾਨ ਮਾਪਿਆਂ ਨੂੰ ਸਤੰਬਰ ਪ੍ਰੀਖਿਆ ਦੇ ਨਤੀਜੇ, ਵਿਦਿਆਰਥੀਆਂ ਦੀ ਸਕੂਲ ਵਿਚ ਪੜ੍ਹਾਈ ਤੋਂ ਇਲਾਵਾ ਕਾਰਗੁਜ਼ਾਰੀ, ਅਨੁਸ਼ਾਸਨ ਉਨ੍ਹਾਂ ਦੀ ਸਿਹਤ ਸੰਬੰਧੀ ਗੱਲਬਾਤ ਕੀਤੀ ਗਈ | ਇਸ ਮੌਕੇ ਮਾਪਿਆਂ ਨੂੰ ਪ੍ਰੇਰਿਆ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਰੋਜ਼ਾਨਾਂ ਪੂਰੀ ਵਰਦੀ ਵਿਚ ਸਕੂਲ ਭੇਜਣ | ਇਸ ਦੇ ਨਾਲ ਹੀ ਮਾਪਿਆਂ ਨੂੰ ਸਕੂਲ ਵਿਚ ਚੱਲ ਰਹੀਆਂ ਗਤੀਵਿਧੀਆਂ, ਮੁਕਾਬਲੇ, ਵਿਕਾਸ ਕਾਰਜਾਂ ਸੰਬੰਧੀ ਜਾਣਕਾਰੀ ਦਿੱਤੀ ਗਈ | ਮਾਪਿਆਂ ਨੂੰ ਕਿਹਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਓਲੰਪੀਆਡ ਮੁਕਾਬਲੇ ਵਿਚ ਹਿੱਸਾ ਜ਼ਰੂਰ ਦਿਵਾਉਣ | ਇਸ ਦੇ ਨਾਲ ਹੀ ਮਾਪਿਆਂ ਨੂੰ ਇਹ ਵੀ ਬੇਨਤੀ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਤੋਂ ਸਕੂਲ ਦੀ ਪੜ੍ਹਾਈ ਬਾਰੇ ਜ਼ਰੂਰ ਪੁੱਛਣ | ਬੀ.ਆਰ. ਅੰਬਿਕਾ ਗਰੋਵਰ ਦੁਆਰਾ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਉਨ੍ਹਾਂ ਨੂੰ ਸਕੂਲ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ ਗਿਆ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਪੰਚਾਇਤ ਮੈਂਬਰ ਵੀ ਸ਼ਾਮਿਲ ਹੋਏ |