ਮੰਡੀ ਗੋਬਿੰਦਗੜ੍ਹ, 17 ਅਕਤੂਬਰ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬੀ.ਐਸ.ਸੀ. ਫੂਡ ਟੈਕਨਾਲੋਜੀ ਵਿਭਾਗ ਦੇ ਮੁੱਖੀ ਰਾਜੇਸ਼ ਵਰਮਾ ਦੀ ਨਿਗਰਾਨੀ ਹੇਠ ਵਿਸ਼ਵ ਭੋਜਨ ਦਿਵਸ ਵੱਡੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਾਲ ਦੇ ਵਿਸ਼ਵ ਭੋਜਨ ਦਿਵਸ ਦੀ ਥੀਮ 'ਹੱਥ ਵਿਚ ਹੱਥ ਮਿਲਾ ਕੇ, ਵਧੀਆ ਭੋਜਨ ਤੇ ਵਧੀਆ ਭਵਿੱਖ ਵੱਲ' ਸੀ | ਇਸ ਥੀਮ ਦੇ ਅਧੀਨ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਸਮੂਹਿਕ ਕੋਸ਼ਿਸ਼ਾਂ ਵੀ ਸਾਡੇ ਲਈ ਪੌਸ਼ਟਿਕ, ਸੁਰੱਖਿਅਤ ਅਤੇ ਸੁਰੱਖਿਅਤ ਭੋਜਨ ਯਕੀਨੀ ਬਣਾ ਸਕਦੀਆਂ ਹਨ | ਇਸ ਮੌਕੇ 'ਤੇ ਪੋਸਟਰ ਮੇਕਿੰਗ ਮੁਕਾਬਲਾ, ਫੂਡ ਕਵਿਜ਼ ਅਤੇ ਸੈਮੀਨਾਰ ਆਨ ਸਸਟੇਨਏਬਲ ਫੂਡ ਪ੍ਰੋਡਕਸ਼ਨ ਐਂਡ ਨਿਊਟ੍ਰੀਸ਼ਨ ਅਵੇਅਰਨੈੱਸ ਦਾ ਆਯੋਜਨ ਕੀਤਾ ਗਿਆ | ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਅਭਿਸ਼ੇਕ ਖੋਖਰ ਨੇ ਕਿਹਾ ਕਿ ਭੋਜਨ ਸੁਰੱਖਿਆ, ਪੌਸ਼ਟਿਕ ਅਤੇ ਸਥਾਈ ਖੇਤੀ ਵਿਕਾਸ ਲਈ ਸਾਰਿਆਂ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਜ਼ਰੂਰੀ ਹੈ | ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਪੋਸਟਰਾਂ ਤੇ ਵਿਚਾਰਾਂ ਰਾਹੀਂ ਸਿਹਤਮੰਦ ਭੋਜਨ ਸੁੰਦਰ ਭਵਿੱਖ ਦਾ ਸੁਨੇਹਾ ਦਿੱਤਾ | ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ | ਪੀ.ਆਈ.ਐਮ.ਟੀ. ਦੇ ਨਿਰਦੇਸ਼ਕ ਡਾ. ਨਿਸ਼ੀ ਬਾਲਾ ਨੇ ਵਿਭਾਗ ਵਲੋਂ ਕੀਤੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਵਿਚ ਸਮਾਜਿਕ ਜ਼ਿੰਮੇਵਾਰੀ ਅਤੇ ਜਾਗਰੂਕਤਾ ਪੈਦਾ ਕਰਦੇ ਹਨ | ਪ੍ਰੋਗਰਾਮ ਦਾ ਸਮਾਪਨ ਵਿਭਾਗ ਦੀ ਸਹਾਇਕ ਪੋ੍ਰਫ਼ੈਸਰ ਕਰਮਬੀਰ ਕੌਰ ਦੁਆਰਾ ਧੰਨਵਾਦ ਦੇ ਮਤੇ ਨਾਲ ਹੋਇਆ |