ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਬਲਜਿੰਦਰ ਸਿੰਘ)-ਭਾਸ਼ਾ ਵਿਭਾਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਖੇ ਵੱਖ-ਵੱਖ ਵਰਗਾਂ ਦੇ ਬਾਲ-ਗਿਆਨ ਕੁਇਜ਼ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਮੰਚ ਸੰਚਾਲਕ ਡਾ. ਬਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਵਿਦਿਆਰਥੀਆਂ ਨੂੰ ਸਾਹਿਤ ਅਤੇ ਮਾਂ ਬੋਲੀ ਨਾਲ ਜੋੜਨ ਵਿਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ | ਬਾਲ ਗਿਆਨ ਕੁਇਜ਼ ਮੁਕਾਬਲੇ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ 'ੳ' ਵਰਗ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਬਜਵਾੜਾ ਦੀ ਵਿਦਿਆਰਥਣ ਸੁਖਮਨੀ ਕੌਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਸਾਨੀਪੁਰ ਦੀ ਏਕਮਜੋਤ ਕੌਰ ਨੇ ਦੂਜਾ ਅਤੇ ਅਸ਼ੋਕਾ ਪਬਲਿਕ ਸਕੂਲ ਦੇ ਵਿਦਿਆਰਥੀ ਸੰਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 'ਅ' ਵਰਗ ਵਿਚ (ਨੌਵੀਂ ਤੋਂ ਬਾਰ੍ਹਵੀਂ) ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਫ਼ਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਗੁਰਨਾਜ਼ ਕੌਰ ਨੇ ਪਹਿਲਾ, ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਸਾਹਿਬ ਦੇ ਜਪਜੋਤ ਸਿੰਘ ਨੇ ਦੂਜਾ ਅਤੇ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਦੇ ਮੁਹੰਮਦ ਆਦਿਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 'ੲ' ਵਰਗ (ਗ੍ਰੈਜੂਏਸ਼ਨ) ਵਿਚੋਂ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਪਹਿਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੀ ਸੁਨੇਹਾ ਨੇ ਦੂਜਾ ਅਤੇ ਇਸੇ ਹੀ ਸੰਸਥਾ ਦੀ ਵਿਦਿਆਰਥਣ ਸ਼ੀਤਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਖੋਜ ਅਫ਼ਸਰ ਸੰਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਪਹਿਲੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀ ਰਾਜ ਪੱਧਰੀ ਕੁਇਜ਼ ਮੁਕਾਬਲੇ ਵਿਚ ਭਾਗ ਲੈਣਗੇ | ਜੇਤੂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਅੰਦਰ ਉਤਸ਼ਾਹ ਅਤੇ ਲਗਨ ਪੈਦਾ ਕਰਦੇ ਹਨ | ਸਮਾਗਮ ਦੇ ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵਲੋਂ ਸਰਟੀਫਿਕੇਟ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਪੰਜਾਬੀ ਵਿਭਾਗ ਦੇ ਡਾ. ਹਰਪ੍ਰੀਤ ਕੌਰ ਵਲੋਂ ਸਮਾਗਮ ਦੇ ਅੰਤ ਵਿਚ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇਸ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਭਾਸ਼ਾ ਵਿਭਾਗ ਤੋਂ ਰਾਜ ਕੁਮਾਰ, ਕਵਲਜੀਤ ਸਿੰਘ, ਸੂਰਜ ਭਾਨ, ਅਮਨਦੀਪ ਸਿੰਘ, ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸਾਹਿਬਾਨ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਿਲ ਰਹੇ |