ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵਲੋਂ 'ਅੰਤਰਰਾਸ਼ਟਰੀ ਕਵਾਂਟਮ ਵਿਗਿਆਨ ਅਤੇ ਤਕਨਾਲੋਜੀ ਵਰ੍ਹੇ' ਨੂੰ ਸਮਰਪਿਤ ਦੋ-ਦਿਨਾਂ ਲੈਕਚਰ ਸੀਰੀਜ਼ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੁੱਖ ਵਿਸ਼ੇਸ਼ ਵਕਤਾ ਡਾ. ਬੀਰ ਬਿਕਰਮ ਸਿੰਘ ਐਸੋਸੀਏਟ ਪ੍ਰੋਫ਼ੈਸਰ ਪਾਂਡਿਚੇਰੀ ਯੂਨੀਵਰਸਿਟੀ (ਪੁਡੂਚੇਰੀ) ਸਨ | ਜਿਨ੍ਹਾਂ ਨੇ ਵਿਸ਼ੇ 'ਤੇ ਵਿਸਥਾਰਤ ਤੇ ਗਿਆਨਵਰਧਕ ਲੈਕਚਰ ਦਿੱਤੇ | ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਨਵਨੀਤ ਕੌਰ ਸਨ | ਡਾ. ਸਿੰਘ ਨੇ ਕਵਾਂਟਮ ਮਕੈਨਿਕਸ ਦੇ ਸੌ ਸਾਲ ਪੂਰੇ ਹੋਣ ਦੇ ਵਿਸ਼ਵ ਪੱਧਰੀ ਮਹੱਤਵ 'ਤੇ ਚਰਚਾ ਕੀਤੀ ਅਤੇ ਮੈਕਸ ਪਲੈਂਕ, ਆਲਬਰਟ ਆਇੰਸਟਾਈਨ, ਨੀਲਸ ਬੋਹਰ, ਵੋਲਫਗੈਂਗ ਪੌਲੀ, ਵਰਝਨਰ ਹਾਈਜ਼ਨਬਰਗ ਅਤੇ ਐਰਵਿਨ ਸ਼ਰੋਡਿੰਗਰ ਵਰਗੇ ਵਿਗਿਆਨੀਆਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਜਾਣਕਾਰੀ ਦਿੱਤੀ | ਭੌਤਿਕ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰੀਤ ਕੌਰ ਨੇ ਸਮਾਰੋਹ ਦੌਰਾਨ 'ਸੈਕੰਡ ਕਵਾਂਟਮ ਰਿਵੋਲਿਊਸ਼ਨ' ਦੀ ਮਹੱਤਤਾ ਉਜਾਗਰ ਕੀਤੀ | ਡਾ. ਤੇਜਬੀਰ ਸਿੰਘ ਪ੍ਰੋਫ਼ੈਸਰ ਭੌਤਿਕ ਵਿਗਿਆਨ ਵਿਭਾਗ ਨੇ ਵਿਦਿਆਰਥੀਆਂ ਨੂੰ ਕਵਾਂਟਮ ਮਕੈਨਿਕਸ ਵਿਚ ਖੋਜ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਵਿਸ਼ਾਲ ਖੇਤਰ ਤੇ ਸੰਭਾਵਨਾਵਾਂ 'ਤੇ ਰੌਸ਼ਨੀ ਪਾਈ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਅਕਾਦਮਿਕ ਗਤੀਵਿਧੀਆਂ ਵਿਦਿਆਰਥੀਆਂ ਦੇ ਵਿਗਿਆਨਕ ਮਾਨਸਿਕ ਵਿਕਾਸ ਲਈ ਅਤਿਅੰਤ ਜ਼ਰੂਰੀ ਹਨ | ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਨੂੰ ਲੈਕਚਰ ਸੀਰੀਜ਼ ਆਯੋਜਿਤ ਕਰਨ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਆਧੁਨਿਕ ਵਿਕਾਸਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ |