ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)-ਸਰਹਿੰਦ ਦੇ ਵੱਖ-ਵੱਖ ਮੰਦਿਰਾਂ ਵਿਚ ਗੋਵਰਧਨ ਪੂਜਾ ਅਤੇ ਅੰਨਕੁਟ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਸਨਾਤਨ ਧਰਮ ਮੰਦਿਰ, ਦਸ਼ਨਾਮੀ ਅਖਾੜਾ ਮੰਦਿਰ ਅਤੇ ਸ੍ਰੀ ਵਿਸ਼ਵਕਰਮਾ ਮੰਦਿਰ ਸਮੇਤ ਸ਼ਹਿਰ ਦੇ ਹੋਰ ਮੰਦਿਰਾਂ ਵਿਚ ਪੂਜਾ ਅਤੇ ਸੰਕੀਰਤਨ ਸਮਾਗਮ ਕੀਤੇ ਗਏ | ਸ੍ਰੀ ਸਨਾਤਨ ਧਰਮ ਮੰਦਿਰ ਮਾਈ ਅਨੰਤੀ ਦੀ ਧਰਮਸ਼ਾਲਾ ਵਿਚ ਪੂਜਾ ਤੇ ਕੀਰਤਨ ਤੋਂ ਬਾਅਦ ਪੰਡਿਤ ਯੋਗ ਰਾਜ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਮਨਾਇਆ ਜਾਣ ਵਾਲਾ ਅੰਨਕੁਟ ਤਿਉਹਾਰ ਨਵੀਂ ਫ਼ਸਲ ਦੇ ਆਉਣ ਦੀ ਯਾਦ ਦਿਵਾਉਂਦਾ ਹੈ | ਗੋਵਰਧਨ ਪੂਜਾ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਗੋਪ ਤੇ ਗੋਪੀਆਂ ਨੇ ਇੰਦਰ ਦੀ ਪੂਜਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਭਗਵਾਨ ਕਿ੍ਸ਼ਨ ਨੇ ਇੰਦਰ ਦੇ ਹੰਕਾਰ ਨੂੰ ਤੋੜਨ ਲਈ ਗੋਵਰਧਨ ਪਹਾੜ ਨੂੰ ਆਪਣੀ ਉਂਗਲੀ 'ਤੇ ਚੁੱਕਿਆ, ਜਿਸ ਨਾਲ ਇੰਦਰ ਨੂੰ ਆਤਮ ਸਮਰਪਣ ਕਰਨ ਲਈ ਮਜਬੂਰ ਹੋਣਾ ਪਿਆ | ਇਹ ਪੂਜਾ ਉਦੋਂ ਤੋਂ ਕੀਤੀ ਜਾ ਰਹੀ ਹੈ | ਇਸ ਮੌਕੇ ਭਗਵਾਨ ਕਿ੍ਸ਼ਨ ਨੂੰ 56 ਪ੍ਰਕਾਰ ਦੇ ਭੋਜਨ ਦਾ ਭੋਗ ਲਗਾਇਆ ਗਿਆ | ਪੂਜਾ ਵਿਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਨੂੰ ਕੜੀ, ਚੌਲ ਭੋਗ ਤੇ ਲੰਗਰ ਵਰਤਾਇਆ ਗਿਆ | ਇਸ ਮੌਕੇ ਸਤਪਾਲ ਪੁਰੀ, ਐਡਵੋਕੇਟ ਨਰਿੰਦਰ ਕੁਮਾਰ, ਸੁਰਿੰਦਰ ਭਾਰਦਵਾਜ, ਸੁਮਿਤ ਗੁਪਤਾ, ਨਰਿੰਦਰ ਕੁਮਾਰ ਪਿ੍ੰਸ, ਵਿਕਾਸ ਕੁਮਾਰ ਆਦਿ ਹਾਜ਼ਰ ਸਨ |