ਫ਼ਤਹਿਗੜ੍ਹ ਸਾਹਿਬ, 23 ਅਕਤੂਬਰ (ਬਲਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸਤਵੀਰ ਸਿੰਘ ਗਡਹੇੜਾ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਅਤੇ ਗ੍ਰਾਮ ਪੰਚਾਇਤ ਰਜਿੰਦਰਗੜ੍ਹ ਵਲੋਂ ਪਰਾਲੀ ਦੀਆਂ ਗੰਢਾਂ ਨਾ ਬਣਾਉਣ ਕਾਰਨ ਪੈਦਾ ਹੋਏ ਸੰਕਟ ਦੇ ਹੱਲ ਸਬੰਧੀ ਡਿਪਟੀ ਕਮਿਸ਼ਨਰ ਦੇ ਨਾਂਅ ਐਸ.ਡੀ.ਐਮ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਗਡਹੇੜਾ ਨੇ ਕਿਹਾ ਕਿ ਬਲਾਕ ਖੇੜਾ ਅਧੀਨ ਪੈਂਦੀਆਂ ਜ਼ਮੀਨਾਂ ਵਿਚ ਪਰਾਲੀ ਦੀਆਂ ਗੰਢਾਂ ਬਣਾਉਣ 'ਚ ਹੋ ਰਹੀ ਦੇਰੀ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਬਿਜਾਈ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਬਲਾਕ ਖੇੜਾ ਜ਼ਮੀਨ ਦੀ ਡਾਕਰ ਹੈ | ਜਿੱਥੇ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਬੇਲਰ ਮਸ਼ੀਨਾਂ ਸਮੇਂ ਸਿਰ ਉਪਲਬਧ ਨਹੀਂ ਹੋ ਰਹੀਆਂ ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਪ੍ਰੰਤੂ ਉਨ੍ਹਾਂ ਦੇ ਖੇਤਾਂ 'ਚ ਰਹਿੰਦ-ਖੂੰਹਦ ਦਾ ਹੱਲ ਨਾ ਹੋਣ ਕਾਰਨ ਅਗਲੀ ਕਣਕ ਦੀ ਫ਼ਸਲ ਬੀਜਣ ਵਿਚ ਦੇਰੀ ਹੋ ਰਹੀ ਹੈ, ਕਿਉਂਕਿ ਝੋਨੇ ਦੀ ਕਟਾਈ ਅੱਜ ਤੋਂ ਲਗਪਗ 15-20 ਦਿਨ ਪਹਿਲਾਂ ਹੋ ਚੁੱਕੀ ਹੈ, ਉਹ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਪਰਾਲੀ ਨੂੰ ਅੱਗ ਨਾ ਲਗਾ ਕੇ ਬਲਾਕ ਖੇੜਾ ਦੇ ਸਮੂਹ ਪਿੰਡ ਦੀਆਂ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਪ੍ਰੋਜੈਕਟ ਕਾਰੋਬਾਰੀ ਨਾਲ ਸੰਪਰਕ ਕਰ ਰਹੇ ਹਨ ਪ੍ਰੰਤੂ ਉਨ੍ਹਾਂ ਨੇ ਸਮੇਂ ਸਿਰ ਇਹ ਕੰਮ ਨੇਪਰੇ ਨਹੀਂ ਚਾੜਿ੍ਹਆ | ਉਨ੍ਹਾਂ ਕਿਹਾ ਕਿ ਜ਼ਮੀਨ ਦੀ ਸਿੰਚਾਈ ਕਰੇ ਤੋਂ ਬਗੈਰ ਕਣਕ ਦੀ ਬਿਜਾਈ ਨਹੀਂ ਕੀਤੀ ਜਾ ਸਕਦੀ ਇਸ ਲਈ ਘੱਟੋ ਘੱਟ 20 ਦਿਨਾਂ ਦਾ ਸਮਾਂ ਚਾਹੀਦਾ ਹੈ ਜੇਕਰ ਸਮੇਂ ਸਿਰ ਗੱਠਾਂ ਨਾ ਬਣਾਈਆਂ ਗਈਆਂ ਤਾਂ ਸਮੇਂ ਸਿਰ ਸਿੰਚਾਈ ਨਹੀਂ ਹੋਵੇਗੀ ਤੇ ਸਿੱਟੇ ਵਜੋਂ ਕਣਕ ਦੀ ਬਿਜਾਈ 'ਚ ਦੇਰੀ ਹੋਵੇਗੀ ਅਤੇ ਇਸ ਦਾ ਖ਼ਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਕਣਕ ਦਾ ਝਾੜ ਘਟੇਗਾ, ਜਦੋਂਕਿ ਕਿਸਾਨ ਪਹਿਲਾਂ ਹੀ ਝੋਨੇ ਦੇ ਵਾਇਰਸ ਕਾਰਨ ਝਾੜ ਘੱਟ ਹੋਣ ਕਰਕੇ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਸ. ਗਡਹੇੜਾ ਨੇ ਕਿਹਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇਹ ਸਿਫ਼ਾਰਸ਼ ਕਰਦੀ ਹੈ ਕਿ ਜਿਹੜੇ ਖੇਤਾਂ 'ਚ ਵਾਇਰਸ ਰੋਗ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਹੈ ਉੱਥੇ ਰਹਿੰਦ ਖੂੰਹਦ ਨੂੰ ਅੱਗ ਲਗਾਈ ਜਾਵੇ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਪਰਾਲੀ ਦੀ ਰਹਿੰਦ ਖੰੂਹਦ ਦੇ ਪ੍ਰਬੰਧਨ ਲਈ ਪੈਦਾ ਹੋਏ ਸੰਕਟ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਕਿਸਾਨ ਸਮੇਂ ਸਿਰ ਕਣਕ ਦੀ ਬਿਜਾਈ ਕਰ ਸਕਣ | ਇਸ ਮੌਕੇ 'ਤੇ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਗਡਹੇੜਾ, ਗੁਰਜੀਤ ਸਿੰਘ ਬਾਠ, ਬਲਵਿੰਦਰ ਸਿੰਘ ਰਜਿੰਦਰਗੜ੍ਹ, ਗੁਰਜੀਤ ਸਿੰਘ ਗਿੱਲ ਤੇ ਹੋਰ ਕਿਸਾਨ ਵੀ ਹਾਜ਼ਰ ਸਨ |