ਮੰਡੀ ਗੋਬਿੰਦਗੜ੍ਹ, 23 ਅਕਤੂਬਰ (ਰਾਜੇਸ਼ ਸ਼ਰਮਾ)-ਨਗਰ ਪਾਲਿਕਾ ਪੈਨਸ਼ਨਰਜ਼ ਵੈੱਲਫੇਅਰ ਸੁਸਾਇਟੀ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਸਥਾਨਕ ਗਊਸ਼ਾਲਾ ਰੋਡ ਸਥਿਤ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਇਕਾਈ ਪ੍ਰਧਾਨ ਗਿਆਨੀ ਗੁਰਬਖਸ਼ ਸਿੰਘ ਸੰਗਤਪੁਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਹਿਤੋਂ ਦੇ ਭਰਾ ਜਸਵੰਤ ਸਿੰਘ ਮਹਿਤੋਂ ਦੇ ਬੇਵਕਤੀ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਛੇਵੇਂ ਪੇਅ ਕਮਿਸ਼ਨ ਦੀ ਰਿਪੋਰਟ ਦਾ ਬਕਾਇਆ ਬਹੁਤ ਜ਼ਿਆਦਾ ਲੇਟ ਅਤੇ ਕਿਸ਼ਤਾਂ ਵਿਚ ਦਿੱਤਾ ਹੈ, ਜਦੋਂਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮਹਿੰਗਾਈ ਨੇ ਆਮ ਆਦਮੀ ਅਤੇ ਮੱਧ ਵਰਗੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਜੀ.ਐਸ.ਟੀ ਵਿਚ ਕਟੌਤੀ ਦਾ ਰਾਗ ਅਲਾਪ ਕੇ ਵਾਹੋ-ਵਾਹੀ ਲੁੱਟਣ ਵਿਚ ਲੱਗੀ ਹੋਈ ਹੈ, ਪਰ ਕੇਂਦਰ ਸਰਕਾਰ ਦੀ ਸ਼ਹਿ 'ਤੇ ਬੇਲਗਾਮ ਹੋਈਆਂ ਹਰ ਖੇਤਰ ਦੀਆਂ ਨਿੱਜੀ ਕੰਪਨੀਆਂ ਮਨ ਮਰਜ਼ੀ ਦੇ ਰੇਟਾਂ ਨਾਲ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੀਆਂ ਹਨ ਅਤੇ ਸਰਕਾਰ ਖ਼ਾਮੋਸ਼ ਹੈ | ਜਿਸ ਕਰਕੇ ਆਮ ਨਾਗਰਿਕ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ | ਇਸ ਮੌਕੇ ਪ੍ਰਧਾਨ ਗੁਰਬਖਸ਼ ਸਿੰਘ ਸੰਗਤਪੁਰਾ ਨੇ ਮੀਟਿੰਗ ਵਿਚ ਸ਼ਾਮਿਲ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੀਟਿੰਗ ਵਿਚ ਰਜਿੰਦਰ ਸਿੰਘ ਜਰਗੜੀ, ਹਰਮੇਲ ਸਿੰਘ, ਸਤਪਾਲ ਘਈ, ਪ੍ਰਕਾਸ਼ ਸਿੰਘ, ਗੁਰਦਰਸ਼ਨ ਕੁਮਾਰ, ਰਾਜ ਕੁਮਾਰ, ਨਾਜਰ ਸਿੰਘ, ਰਜਿੰਦਰ ਸਿੰਘ ਨਸਰਾਲੀ, ਓਮ ਪਾਲ, ਦਰਬਾਰਾ ਸਿੰਘ, ਜਗਤਾਰ ਕੌਰ ਵੀ ਸ਼ਾਮਿਲ ਸਨ |