19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਕਤਲ ਦੇ 2 ਮੁਕੱਦਮਿਆਂ 'ਚ ਇਕ ਔਰਤ ਸਮੇਤ 5 ਮੁਲਜ਼ਮ ਗਿ੍ਫ਼ਤਾਰ

ਅਜੀਤ ਡੈਸਕ 07-11-2025
ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੇ 2 ਵੱਖ-ਵੱਖ ਕਤਲ ਦੇ ਮੁਕੱਦਮਿਆਂ 'ਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਇਕ ਔਰਤ ਸਮੇਤ 5 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਪੈੱ੍ਰਸ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੀ 4 ਨਵੰਬਰ ਨੂੰ ਫ਼ਤਹਿਗੜ੍ਹ ਸਾਹਿਬ ਪੁਲਿਸ ਨੂੰ ਪਿੰਡ ਆਲ਼ੀਆਂ ਤੋਂ ਕਰੀਬ 200 ਮੀਟਰ ਦੂਰ ਖੇਤ 'ਚੋਂ ਭੇਦ ਭਰੇ ਹਾਲਤਾਂ ਵਿਚ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ਦੀ ਤੇਜ਼ਧਾਰ ਹਥਿਆਰ ਨਾਲ ਗਲ਼ ਵੱਢ ਕੇ ਹੱਤਿਆ ਕੀਤੀ ਜਾਪਦੀ ਸੀ | ਮਿ੍ਤਕ ਦੀ ਪਛਾਣ ਸੁਰਜੀਤ ਸਿੰਘ (46) ਵਾਸੀ ਆਲ਼ੀਆਂ ਥਾਣਾ ਫ਼ਤਹਿਗੜ੍ਹ ਸਾਹਿਬ ਵਜੋਂ ਹੋਈ ਸੀ, ਉਨ੍ਹਾਂ ਦੱਸਿਆ ਕਿ ਵਾਰਦਾਤ ਦੀ ਗੁੱਥੀ ਨੂੰ ਸੁਲਝਾਉਣ ਲਈ ਜਦੋਂ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਤਕਨੀਕੀ ਤੇ ਫੋਰੈਂਸਿਕ ਪੜਤਾਲ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਸੁਰਜੀਤ ਸਿੰਘ ਦੀ ਪਤਨੀ ਬਲਵੀਰ ਕੌਰ ਨੇ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸੁਰਜੀਤ ਸਿੰਘ ਕੁਝ ਸਮਾਂ ਪਹਿਲਾਂ ਵਿਦੇਸ਼ ਦੁਬਈ ਚਲਾ ਗਿਆ ਸੀ | ਜੋ 3-4 ਸਾਲ ਵਿਦੇਸ਼ ਵਿਚ ਰਿਹਾ | ਉਸ ਦੇ ਵਿਦੇਸ਼ ਜਾਣ ਪਿਛੋਂ ਉਸ ਦੀ ਪਤਨੀ ਬਲਵੀਰ ਕੌਰ ਦੇ ਅਮਰਨਾਥ ਉਰਫ਼ ਜੈਮਲ ਨਾਲ ਕਥਿਤ ਤੌਰ 'ਤੇ ਨਾਜਾਇਜ਼ ਸੰਬੰਧ ਬਣ ਗਏ | ਜਦੋਂ ਇਸ ਗੱਲ ਦਾ ਸੁਰਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਦੁਬਈ ਤੋਂ ਕੰਮ ਛੱਡ ਕੇ ਵਾਪਸ ਪਿੰਡ ਆ ਗਿਆ | ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪ੍ਰੇਮ 'ਚ ਅੰਨ੍ਹੀ ਹੋਈ ਬਲਵੀਰ ਕੌਰ ਤੇ ਉਸ ਦੇ ਪ੍ਰੇਮੀ ਅਮਰਨਾਥ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਸੁਰਜੀਤ ਸਿੰਘ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ, ਜਿਸ ਸਬੰਧੀ ਪੁਲਿਸ ਨੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਬੀ.ਐੱਨ.ਐੱਸ. ਐਕਟ 2023 ਦੀ ਧਾਰਾ 103, 3 (5) ਅਧੀਨ ਮੁਕੱਦਮਾ ਦਰਜ ਕਰਕੇ ਮਿ੍ਤਕ ਦੀ ਪਤਨੀ ਬਲਵੀਰ ਕੌਰ ਤੇ ਅਮਰ ਨਾਥ ਨੂੰ ਗਿ੍ਫ਼ਤਾਰ ਕਰ ਲਿਆ, ਜਦੋਂਕਿ ਉਨ੍ਹਾਂ ਦੇ 2 ਹੋਰ ਸਾਥੀਆਂ ਦੀ ਪੁਲਿਸ ਵਲੋਂ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਕਤਲ ਕਾਂਡ ਵਿਚ ਵਰਤਿਆ ਦਾਹ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ | ਇਸ ਤੋਂ ਇਲਾਵਾ ਪਿਛਲੇ ਦਿਨੀਂ ਪਿੰਡ ਚਨਾਰਥਲ ਕਲਾਂ ਵਿਖੇ ਇਕ ਨੌਜਵਾਨ ਵਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਦੁਆਰਾ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਨੌਕਰੀ ਕਰਦੇ ਸੁਖਜਿੰਦਰ ਸਿੰਘ ਦਾ ਉਸ ਦੇ ਲੜਕੇ ਰਵਿੰਦਰ ਸਿੰਘ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਵੇਲੇ ਕਤਲ ਕਰ ਦਿੱਤਾ, ਜਦੋਂ ਸੁਖਜਿੰਦਰ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੇਥਾ ਟੇਕ ਕੇ ਘਰ ਵਾਪਸ ਆਇਆ ਸੀ |
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਵਿੰਦਰਪਾਲ ਸਿੰਘ ਉਰਫ਼ ਅਮਨੀ ਨੇ ਸੁਖਜਿੰਦਰ ਸਿੰਘ ਦੇ ਗਰਦਨ ਪਿਛਲੇ ਪਾਸੇ ਲੋਹੇ ਦੀ ਦਾਹ ਨਾਲ ਵਾਰ ਕੀਤਾ ਤਾਂ ਸੁਖਜਿੰਦਰ ਸਿੰਘ ਹੇਠਾਂ ਡਿੱਗ ਗਿਆ ਜਿਸ ਮਗਰੋਂ ਰਵਿੰਦਰ ਸਿੰਘ ਨੇ ਲੋਹੇ ਦੀ ਦਾਹ ਨਾਲ ਸੁਖਜਿੰਦਰ ਸਿੰਘ ਦੇ ਸਿਰ ਤੇ ਮੂੰਹ 'ਤੇ ਕਈ ਵਾਰ ਕੀਤੇ, ਜਿਸ ਕਾਰਨ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਤਲ ਦੀ ਵਾਰਦਾਤ ਨੂੰ ਛਪਾਉਣ ਲਈ ਮਿ੍ਤਕ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਗੱਡੀ ਵਿਚ ਪਾ ਕੇ ਭਾਖੜਾ ਨਹਿਰ ਪਿੰਡ ਜਾਲਖੇੜੀ ਸਰਹਿੰਦ ਵਿਚ ਸੁੱਟ ਦਿੱਤਾ | ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਨੇ ਆਪਣੇ ਪਿਤਾ ਦਾ ਕਤਲ ਕਰਨ ਅਤੇ ਲਾਸ਼ ਨੂੰ ਟਿਕਾਣੇ ਲਾਉਣ ਤੋਂ ਬਾਅਦ ਖ਼ੁਦ ਹੀ ਥਾਣਾ ਮੂਲੇਪੁਰ ਵਿਚ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਮਗਰੋਂ ਪੁਲਿਸ ਨੇ ਤਫ਼ਤੀਸ਼ ਅਰੰਭ ਕੀਤੀ, ਜਿਸ ਮਗਰੋਂ ਸੁਖਜਿੰਦਰ ਸਿੰਘ ਦੀ ਲਾਸ਼ ਗ਼ੋਤੇਖ਼ੋਰਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਧਨੇਠਾ ਨਜ਼ਦੀਕ ਭਾਖੜਾ ਨਹਿਰ 'ਚੋਂ ਤੈਰਦੀ ਮਿਲੀ, ਜਿਸ ਦੇ ਮੂੰਹ ਤੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਨ ਦੇ ਨਿਸ਼ਾਨ ਸਨ | ਜਦੋਂ ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਮਿ੍ਤਕ ਸੁਖਜਿੰਦਰ ਸਿੰਘ ਦੇ ਲੜਕੇ ਰਵਿੰਦਰ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਕਤ ਸਾਰੀ ਘਟਨਾ ਦਾ ਖ਼ੁਲਾਸਾ ਹੋਇਆ | ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਸੁਖਜਿੰਦਰ ਸਿੰਘ ਚਰਿੱਤਰਹੀਣ ਹੈ ਤਾਂ ਹੀ ਉਸ ਦੀ ਪਤਨੀ ਆਪਣੇ ਸਹੁਰੇ ਘਰ ਨਹੀਂ ਰਹਿੰਦੀ | ਇਸ ਸਬੰਧੀ ਥਾਣਾ ਮੂਲੇਪੁਰ ਦੀ ਪੁਲਿਸ ਵਲੋਂ ਮਿ੍ਤਕ ਦੀ ਬੇਟੀ ਜਸਵਿੰਦਰ ਕੌਰ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 103 (1), 61 (2), 3 (5) ਬੀ.ਐੱਨ.ਐੱਸ. ਅਧੀਨ ਮੁਕੱਦਮਾ ਦਰਜ ਕਰਕੇ ਰਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ, ਰਵਿੰਦਰਪਾਲ ਸਿੰਘ ਉਰਫ਼ ਅਮਨੀ ਪੁੱਤਰ ਮਨਜੀਤ ਸਿੰਘ ਤੇ ਮਨੀ ਸਿੰਘ ਵਾਸੀਅਨ ਪਿੰਡ ਚਨਾਰਥਲ ਕਲਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਲੋਹੇ ਦਾ ਦਾਹ ਵੀ ਬਰਾਮਦ ਹੋਇਆ ਹੈ | ਇਸ ਪੈੱ੍ਰਸ ਕਾਨਫ਼ਰੰਸ ਵਿਚ ਕਪਤਾਨ ਪੁਲਿਸ (ਜਾਂਚ) ਰਾਕੇਸ਼ ਕੁਮਾਰ ਯਾਦਵ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ, ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐੱਸ.ਐੱਚ.ਓ. ਇੰਦਰਜੀਤ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਪਾਵਰ ਸਲੈਪ ਚੈਂਪੀਅਨ ਜੁਝਾਰ ਸਿੰਘ ਵਲੋਂ ਰਿਮਟ 'ਵਰਸਿਟੀ ਦਾ ਦੌਰਾ ਅਗਲੀ ਖ਼ਬਰ ਵਿਸ਼ਵ 'ਵਰਸਿਟੀ 'ਚ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਭਾਸ਼ਾ ਤੇ ਸਮਾਜ ਵਿਗਿਆਨ 'ਤੇ ਹੋਈ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।