30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰਾਜਨੀਤਿਕ ਅਣਦੇਖੀ ਕਾਰਨ ਹਰ ਖੇਤਰ 'ਚ ਲਗਾਤਾਰ ਪਛੜਦਾ ਜਾ ਰਿਹਾ ਹੈ ਪੰਜਾਬ- ਕਰਹੇੜੀ

ਅਜੀਤ ਡੈਸਕ 24-12-2025
ਅਮਲੋਹ, 23 ਦਸੰਬਰ (ਹਰਪ੍ਰੀਤ ਸਿੰਘ ਗਿੱਲ)-ਉੱਘੇ ਸਮਾਜ ਸੇਵਕ ਤੇ ਰਾਜਨੀਤਿਕ ਚਿੰਤਕ ਬਲਵਿੰਦਰ ਸਿੰਘ ਕਰਹੇੜੀ ਨੇ ਪੰਜਾਬ ਦੀ ਮੌਜੂਦਾ ਸਥਿਤੀ 'ਤੇ ਤਕੜੀ ਟਕੋਰ ਕਰਦੇ ਹੋਏ ਕਿਹਾ ਕਿ ਕਿਸੇ ਸਮੇਂ ਦੇਸ਼ ਭਰ ਵਿਚ ਹਰ ਖੇਤਰ ਵਿਚ ਅਗਵਾਈ ਕਰਨ ਵਾਲਾ ਸੂਬਾ ਪੰਜਾਬ ਅੱਜ ਰਾਜਨੀਤਿਕ ਪਾਰਟੀਆਂ ਦੀ ਲਗਾਤਾਰ ਅਣਦੇਖੀ ਕਾਰਨ ਹਰ ਖੇਤਰ 'ਚ ਪਛੜਦਾ ਜਾ ਰਿਹਾ ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਆਰਥਿਕ ਪੱਧਰ 'ਤੇ ਹੀ ਨਹੀਂ, ਸਗੋਂ ਸਮਾਜਿਕ, ਧਾਰਮਿਕ ਅਤੇ ਨੈਤਿਕ ਪੱਖੋਂ ਵੀ ਹੇਠਾਂ ਜਾ ਰਿਹਾ ਹੈ | ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਵਿਚ ਬੇਹੱਦ ਖੇਤੀ ਉਤਪਾਦਨ ਹੋ ਰਿਹਾ ਹੈ, ਪਰ ਖੇਤੀ ਆਧਾਰਿਤ ਸਨਅਤਾਂ ਲਗਾਉਣ ਵੱਲ ਕਿਸੇ ਵੀ ਸਰਕਾਰ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ, ਜਦਕਿ ਇਹ ਸਨਅਤਾਂ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਲੱਗ ਰਹੀਆਂ ਹਨ, ਜਿਸ ਦਾ ਸਿੱਧਾ ਨੁਕਸਾਨ ਪੰਜਾਬ ਦੀ ਅਰਥਵਿਵਸਥਾ ਅਤੇ ਨੌਜਵਾਨਾਂ ਦੇ ਰੁਜ਼ਗਾਰ 'ਤੇ ਪੈ ਰਿਹਾ ਹੈ | ਕਰਹੇੜੀ ਨੇ ਕਿਹਾ ਕਿ ਇਕ ਗਿਣੀਮਿਥੀ ਸਾਜ਼ਿਸ਼ ਤਹਿਤ ਪੰਜਾਬ ਵਿਚ ਵਗ ਰਿਹਾ ਨਸ਼ੇ ਦਾ ਛੇਵਾਂ ਦਰਿਆ ਰੋਕਿਆ ਨਹੀਂ ਜਾ ਰਿਹਾ, ਜਿਸ ਕਾਰਨ ਪੰਜਾਬ ਦੀ ਜਵਾਨੀ ਦਿਨੋਂ ਦਿਨ ਨਸ਼ਿਆਂ ਦੀ ਦਲਦਲ ਵਿਚ ਧੱਸਦੀ ਜਾ ਰਹੀ ਹੈ | ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਵੱਲ ਤੁਰੰਤ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਨਤੀਜੇ ਬਹੁਤ ਘਾਤਕ ਹੋਣਗੇ | ਧਾਰਮਿਕ ਮਾਮਲਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਧਰਮ ਸਾਂਝੀਵਾਲਤਾ ਅਤੇ ਆਪਸੀ ਪਿਆਰ ਦੀ ਸਿੱਖਿਆ ਦਿੰਦਾ ਹੈ, ਪਰ ਕੁਝ ਸ਼ਰਾਰਤੀ ਤੱਤ ਫ਼ਿਰਕੂ ਤੇ ਭੜਕਾਊ ਬਿਆਨਾਂ ਰਾਹੀਂ ਭਾਈਚਾਰਕ ਸਾਂਝ ਵਿਚ ਤਰੇੜ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਦੇ ਨਾਲ ਹੀ ਕਈ ਪਖੰਡੀ ਲੋਕਾਂ ਵਲੋਂ ਅੰਧ ਵਿਸ਼ਵਾਸਾਂ ਨੂੰ ਹਵਾ ਦੇ ਕੇ ਪੰਜਾਬੀਆਂ ਨੂੰ ਆਪਣੇ ਵਿਰਸੇ, ਤਰਕ ਅਤੇ ਵਿਗਿਆਨਕ ਸੋਚ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੂੰ ਮੁੜ ਤਰੱਕੀ ਦੇ ਰਾਹ 'ਤੇ ਲਿਆਉਣਾ ਹੈ ਤਾਂ ਰਾਜਨੀਤਿਕ ਪਾਰਟੀਆਂ ਨੂੰ ਸਿਆਸੀ ਸਵਾਰਥ ਤੋਂ ਉੱਪਰ ਉੱਠ ਕੇ ਸੂਬੇ ਦੀ ਭਲਾਈ ਲਈ ਠੋਸ ਅਤੇ ਇਮਾਨਦਾਰ ਕਦਮ ਚੁੱਕਣੇ ਪੈਣਗੇ |
ਪਿਛਲੀ ਖ਼ਬਰ ਸ਼ਹੀਦਾਂ ਨੂੰ ਸਮਰਪਿਤ ਪੈਦਲ ਯਾਤਰਾ 'ਚ ਸ਼ਾਮਿਲ ਹੋਣ ਲਈ ਚੰਨੀ ਅੱਜ ਬਸੀ ਪਠਾਣਾਂ ਪਹੁੰਚਣਗੇ ਅਗਲੀ ਖ਼ਬਰ ਸ਼ੈਲਰ ਐਸੋਸੀਏਸ਼ਨ ਅਮਲੋਹ ਵਲੋਂ ਸੀ. ਐੱਮ. ਆਰ. ਚਾਵਲ ਲਗਾਉਣ ਦੀ ਇਜਾਜ਼ਤ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।