29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਕੇਂਦਰ ਸਰਕਾਰ ਦੁਆਰਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਤਿੱਖਾ ਵਿਰੋਧ

ਅਜੀਤ ਡੈਸਕ 24-12-2025
ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ ਤੇ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਭਾਰਤ ਸਰਕਾਰ ਵਲੋਂ ਸੰਸਦ ਵਿਚ ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਵਜੋਂ ਮਨਾਏ ਜਾਣ ਦਾ ਤਿੱਖਾ ਵਿਰੋਧ ਪ੍ਰਗਟਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਇਹ ਕਾਰਵਾਈ ਨਾ ਕੇਵਲ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖ਼ਲ ਅੰਦਾਜ਼ੀ ਹੈ, ਬਲਕਿ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਨੀਵਾਂ ਵਿਖਾਉਣ ਵਾਲੀ ਮੰਦਭਾਗੀ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਜਬਰ ਜ਼ੁਲਮ ਅੱਗੇ ਨਾ ਝੁਕਦਿਆਂ ਤਖ਼ਤਾਂ, ਤਾਜ਼ਾਂ ਨੂੰ ਠੋਕਰ ਮਾਰ ਕੇ ਸ਼ਹਾਦਤ ਦਾ ਰਾਹ ਚੁਣਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਬਾਬਿਆਂ ਵਜੋਂ ਸੰਬੋਧਿਤ ਕੀਤਾ ਜਾਂਦਾ ਹੈ ਅਤੇ ਇਸ ਸ਼ਹਾਦਤ ਵਰਗੀ ਮਿਸਾਲ ਦੁਨੀਆ ਦੇ ਕਿਸੇ ਇਤਿਹਾਸ ਵਿਚ ਨਹੀਂ ਮਿਲਦੀ | ਐਡਵੋਕੇਟ ਧਾਰਨੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਫ਼ੈਸਲਾ ਲੈਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਹੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਹੈ | ਪਰ ਮੋਦੀ ਸਰਕਾਰ ਨੇ ਸੱਤਾ ਦੇ ਨਸ਼ੇ 'ਚ ਅੰਨ੍ਹੇ ਹੋ ਕੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਵਿਸ਼ਵ ਪੱਧਰ 'ਤੇ ਨੀਵਾਂ ਵਿਖਾਉਣ ਦਾ ਯਤਨ ਕੀਤਾ ਹੈ, ਜਿਸ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ | ਓਧਰ ਦੂਜੇ ਪਾਸੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ 'ਐਕਸ' 'ਤੇ ਟਵੀਟ ਕਰਕੇ ਕੇਂਦਰ ਸਰਕਾਰ ਦੇ ਉਕਤ ਫ਼ੈਸਲੇ ਨੂੰ ਮੰਦਭਾਗਾ ਤੇ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕਰ ਅਤੇ ਸਿੱਖ ਮਰਿਆਦਾ ਦੇ ਖ਼ਿਲਾਫ਼ ਚੱਲ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ 'ਵੀਰ ਬਾਲ ਦਿਵਸ' ਰੱਖਿਆ ਗਿਆ ਅਤੇ ਹੁਣ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਨੂੰ ਗੈਰ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਪੇਸ਼ ਕਰਨ ਦਾ ਜੋ ਕੋਝਾ ਯਤਨ ਕੀਤਾ ਜਾ ਰਿਹਾ ਹੈ, ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ 'ਤੇ ਸਿੱਧਾ ਹਮਲਾ ਹੈ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ | ਕੇਂਦਰ ਸਰਕਾਰ ਤੁਰੰਤ ਅਜਿਹੇ ਗੁਮਰਾਹਕੁਨ ਪ੍ਰਚਾਰ ਨੂੰ ਬੰਦ ਕਰੇ ਅਤੇ ਅਜਿਹੇ ਪ੍ਰੋਗ੍ਰਾਮਾਂ 'ਤੇ ਪਾਬੰਦੀ ਲਗਾਈ ਜਾਵੇ |
ਪਿਛਲੀ ਖ਼ਬਰ ਹਲਕਾ ਅਮਲੋਹ 'ਚ ਚੋਣਾਂ ਦੌਰਾਨ ਕੋਈ ਧਾਂਦਲੀ ਨਹੀਂ ਹੋਈ, 'ਆਪ' ਦੇ ਉਮੀਦਵਾਰਾਂ ਨੇ ਮਿਹਨਤ ਨਾਲ ਜਿੱਤਾਂ ਹਾਸਿਲ ਕੀਤੀਆਂ-... ਅਗਲੀ ਖ਼ਬਰ ਸ਼ਹੀਦਾਂ ਨੂੰ ਸਮਰਪਿਤ ਪੈਦਲ ਯਾਤਰਾ 'ਚ ਸ਼ਾਮਿਲ ਹੋਣ ਲਈ ਚੰਨੀ ਅੱਜ ਬਸੀ ਪਠਾਣਾਂ ਪਹੁੰਚਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।