ਗੁਰਦਾਸਪੁਰ, 15 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਬੱਬਰੀ ਬਾਈਪਾਸ ਚੌਕ ਦੀ ਖ਼ੂਬਸੂਰਤੀ ਵਧਾਉਣ ਲਈ ਬੇਸ਼ੱਕ ਲੋਕ ਨਿਰਮਾਣ ਵਿਭਾਗ ਵਲੋਂ ਇਸ ਚੌਕ 'ਚ ਟੈਂਕ ਲਗਾਇਆ ਗਿਆ ਹੈ ਪਰ ਇਸ ਮੁੱਖ ਚੌਕ 'ਚ ਲੋਕ ਨਿਰਮਾਣ ਵਿਭਾਗ ਵਲੋਂ ਹਦਾਇਤਾਂ ਮਿਲਣ ਦੇ ਬਾਵਜੂਦ ਅਜੇ ਤੱਕ ਵੀ ਕੋਈ ਸ਼ੈੱਡ ਵਗ਼ੈਰਾ ਨਹੀਂ ਬਣਾਈ ਗਈ | ਜਿਸ ਕਾਰਨ ਗਰਮੀ ਦੇ ਮੌਸਮ ਵਿਚ ਅੰਮਿ੍ਤਸਰ ਜਾਣ ਵਾਲੀਆਂ ਬੱਸ ਦੀ ਉਡੀਕ ਕਰਦੀਆਂ ਸਵਾਰੀਆਂ ਜਾਂ ਗੁਰਦਾਸਪੁਰ ਸ਼ਹਿਰ ਅੰਦਰ ਦਾਖ਼ਲ ਹੋਣ ਲਈ ਚੌਕ 'ਚ ਉੱਤਰਦੇ ਲੋਕਾਂ ਨੰੂ ਗਰਮੀ ਦੇ ਮੌਸਮ ਵਿਚ ਕੜਾਕੇ ਦੀ ਧੁੱਪ ਵਿਚ ਖੜ੍ਹੇ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਧਿਆਨ ਦੇ ਰਿਹਾ ਅਤੇ ਨਾ ਹੀ ਸਬੰਧਿਤ ਵਿਭਾਗ | ਜਿਸ ਕਾਰਨ ਲੋਕਾਂ ਅੰਦਰ ਭਾਰੀ ਰੋਸ ਦੇਖਣ ਨੰੂ ਮਿਲ ਰਿਹਾ ਹੈ | ਇਸ ਸਬੰਧੀ ਮਲਕੀਤ ਸਿੰਘ, ਰੂਪ ਸਿੰਘ ਤੇ ਦਲੇਰ ਸਿੰਘ ਨੇ ਦੱਸਿਆ ਕਿ ਸ਼ਹਿਰ ਦਾ ਉਕਤ ਮੁੱਖ ਚੌਕ ਹੈ ਜਿੱਥੋਂ ਹੋ ਕੇ ਬੱਸਾਂ ਅੰਮਿ੍ਤਸਰ ਜਾਂ ਪਠਾਨਕੋਟ, ਜੰਮੂ ਨੰੂ ਜਾਂਦੀਆਂ ਹਨ | ਜਿਸ ਕਰਕੇ ਕਈ ਲੋਕ ਉਕਤ ਚੌਕ ਵਿਚ ਹੀ ਉਤਰ ਕੇ ਅੱਗੋਂ ਆਟੋ ਰਿਕਸ਼ਾ 'ਤੇ ਬੈਠ ਕੇ ਸ਼ਹਿਰ ਨੰੂ ਚਲੇ ਜਾਂਦੇ ਹਨ | ਪਰ ਅਜਿਹੇ ਗਰਮੀ ਦੇ ਮੌਸਮ 'ਚ ਪੈ ਰਹੀ ਲੂ ਨਾਲ ਉਕਤ ਚੌਕ 'ਚ ਲੋਕਾਂ ਦਾ ਖੜ੍ਹੇ ਹੋਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਉਕਤ ਚੌਕ ਵਿਚ ਨਾ ਤਾਂ ਕੋਈ ਪੀਣ ਵਾਲੇ ਪਾਣੀ ਦੀ ਸੁਵਿਧਾ ਹੈ ਅਤੇ ਨਾ ਹੀ ਬੈਠਣ ਲਈ ਕੋਈ ਸ਼ੈੱਡ | ਜਿਸ ਕਰਕੇ ਗਰਮੀ ਦੇ ਮੌਸਮ 'ਚ ਲੋਕਾਂ ਦਾ ਬੁਰਾ ਹਾਲ ਹੁੰਦਾ ਹੈ | ਸ਼ਹਿਰ ਦੇ ਲੋਕਾਂ ਅਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਲੋਕ ਨਿਰਮਾਣ ਵਿਭਾਗ ਨੰੂ ਹਦਾਇਤਾਂ ਕਰਕੇ ਸ਼ਹਿਰ ਦੇ ਮੁੱਖ ਬੱਬਰੀ ਬਾਈਪਾਸ ਚੌਕ ਦੇ ਦੋਨਾਂ ਪਾਸੇ ਲੋਕਾਂ ਦੇ ਬੈਠਣ ਲਈ ਸ਼ੈੱਡ ਬਣਾਇਆ ਜਾਵੇ ਅਤੇ ਇਸ ਚੌਕ ਵਿਚ ਪੀਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇ |