ਬਾਲ ਮਜ਼ਦੂਰੀ ਵਿਰੁੱਧ ਦਿਵਸ ਮਨਾਇਆ
ਅਜੀਤ ਡੈਸਕ
17-06-2025
ਗੁਰਦਾਸਪੁਰ, 16 ਜੂਨ (ਚੱਕਰਾਜਾ)-ਪ੍ਰਾਇਮਰੀ ਸਿੱਖਿਆ ਅਧਿਐਨ ਕੇਂਦਰ ਮਾਨ ਕੌਰ ਸਿੰਘ ਵਿਖੇ ਰਾਸ਼ਟਰੀ ਪੁਰਸਕਾਰ ਜੇਤੂ ਸਕੂਲ ਦੇ ਸੰਸਥਾਪਕ ਚੇਅਰਮੈਨ ਰੋਮੇਸ਼ ਮਹਾਜਨ ਦੀ ਪ੍ਰਧਾਨਗੀ ਹੇਠ ਬਾਲ ਮਜ਼ਦੂਰੀ ਵਿਰੁੱਧ ਦਿਵਸ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਫ਼ੌਜ ਦੇ ਅਧਿਕਾਰੀ ਕਰਨਲ ਦੀਪਕ ਕਾਵੀਆ ਨੇ ਕਿਹਾ ਕਿ 12 ਜੂਨ ਨੰੂ ਬੱਚਿਆਂ ਦੇ ਸੋਸ਼ਣ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨ ਲਈ ਬਾਲ ਮਜ਼ਦੂਰੀ ਵਿਰੁੱਧ ਦਿਵਸ ਮਨਾਇਆ ਜਾਂਦਾ ਹੈ | ਇਹ ਦਿਨ ਉਨ੍ਹਾਂ ਬੱਚਿਆਂ ਦੀ ਦੁਰਦਸ਼ਾ ਵੱਲ ਧਿਆਨ ਕੇਂਦਰਿਤ ਕਰਦਾ ਹੈ, ਜਿਨ੍ਹਾਂ ਨੰੂ ਸਿੱਖਿਆ ਪ੍ਰਾਪਤ ਕਰਨ ਦੀ ਬਜਾਏ ਮਜ਼ਦੂਰੀ ਲਈ ਮਜਬੂਰ ਕੀਤਾ ਜਾਂਦਾ ਹੈ | ਉਨ੍ਹਾਂ ਬੱਚਿਆਂ ਨੰੂ ਆਪਣਾ ਭਵਿੱਖ ਉੱਜਵਲ ਬਣਾਉਣ ਅਤੇ ਰਾਸ਼ਟਰ ਦੀ ਸੇਵਾ ਕਰਨ ਲਈ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਯੂਨਿਟ ਵਲੋਂ ਬੱਚਿਆਂ ਵਿਚ ਫਲ ਵੀ ਵੰਡੇ ਗਏ | ਇਸ ਮੌਕੇ ਉਨ੍ਹਾਂ ਰੋਮੇਸ਼ ਮਹਾਜਨ ਦੇ ਯਤਨਾਂ ਸਦਕਾ ਝੁੱਗੀ ਚੌਪੜੀ ਵਿਚ ਰਹਿ ਰਹੇ 77 ਬੱਚਿਆਂ ਦੀ ਕਿਸਮਤ ਬਦਲਣ ਦੇ ਯਤਨਾਂ ਦੀ ਸ਼ਲਾਘਾ ਕੀਤੀ | ਅੰਤ ਵਿਚ ਰੋਮੇਸ਼ ਮਹਾਜਨ ਵਲੋਂ ਵੀ ਆਏ ਮਹਿਮਾਨ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕੇ.ਪੀ ਸਿੰਘ, ਬਖ਼ਸ਼ੀ ਰਾਜ ਅਤੇ ਹੋਰ ਸਟਾਫ਼ ਹਾਜ਼ਰ ਸੀ |