ਧਿਆਨਪੁਰ, 19 ਜੂਨ (ਕੁਲਦੀਪ ਸਿੰਘ ਸੋਨੂ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਨਾਮਵਰ ਪਿੰਡ ਖਜਾਨੇਕੋਟ ਵਿਚ ਹਲਕਾ ਇੰਚਾਰਜ ਸ: ਬਲਬੀਰ ਸਿੰਘ ਪੰਨੂ ਦੀ ਅਗਵਾਈ ਹੇਠ ਵਿਕਾਸ ਕਾਰਜ ਜੰਗੀ ਪੱਧਰ 'ਤੇ ਹੋ ਰਹੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਫਤਹਿਗੜ੍ਹ ਚੂੜੀਆਂ ਦੇ ਸੀਨੀਅਰ ਲੀਡਰ ਅਤੇ ਪਿੰਡ ਖਜਾਨੇਕੋਟ ਦੇ ਸਰਪੰਚ ਜਗਜੀਤ ਸਿੰਘ ਜੱਗੂ ਨੇ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਸ਼ਮਸ਼ਾਨਘਾਟ ਦਾ ਲੈਂਟਰ ਝੁਕਿਆ ਹੋਇਆ ਸੀ, ਜਿਸ ਕਰ ਕੇ ਇਥੇ ਵਧੀਆ ਲੈਂਟਰ ਪਾ ਕੇ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਗਲੀਆਂ-ਨਾਲੀਆਂ ਬਣਾਉਣ ਲਈ ਵੀ ਗ੍ਰਾਂਟ ਮਨਜ਼ੂਰ ਹੋ ਗਈ ਹੈ | ਜਲਦ ਹੀ ਇਨ੍ਹਾਂ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ | ਇਸੇ ਤਰ੍ਹਾਂ ਛੱਪੜ ਨੂੰ ਸਾਫ ਕਰਵਾਉਣ ਲਈ ਸ਼ਾਹਪੁਰ ਜਾਜਨ ਦੇ ਠੇਕੇਦਾਰਾਂ ਨੂੰ ਠੇਕਾ ਦਿੱਤਾ ਗਿਆ ਸੀ, ਜਿਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਛੱਪੜ ਦੀ ਸਫਾਈ ਕੀਤੀ ਹੈ | ਉਨ੍ਰਾਂ ਕਿਹਾ ਕਿ ਆਉਣ ਵਾਲੇ ਬਰਸਾਤ ਦੇ ਦਿਨਾਂ ਨੂੰ ਦੇਖਦੇ ਹੋਏ ਖਜਾਨੇਕੋਟ, ਮਲਕਵਾਲ ਅਤੇ ਚੰਦੂਸੂਜਾ ਤਿੰਨ ਪਿੰਡਾਂ ਨੇ ਸਾਂਝੇ ਤੌਰ 'ਤੇ ਇਕ ਬਹੁਤ ਵੱਡਾ ਇੰਜਣ ਲਿਆਂਦਾ ਹੈ ਤਾਂ ਕਿ ਜਦੋਂ ਛੱਪੜ ਜਿਆਦਾ ਭਰਨ 'ਤੇ ਇਸ ਵਿਚੋਂ ਪਾਣੀ ਕੱਢ ਕੇ ਖੇਤਾਂ ਨੂੰ ਜਾਂ ਹੋਰ ਕਿਤੇ ਬਾਹਰ ਸੁੱਟਿਆ ਜਾ ਸਕੇ | ਇਸ ਤੋਂ ਇਲਾਵਾ ਪਿੰਡ ਵਿਚ ਸਾਫ-ਸਫਾਈ ਦਾ ਧਿਆਨ ਰੱਖਣ ਵਾਸਤੇ ਕੂੜਾ ਡੰਪ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਥਾਂ-ਥਾਂ 'ਤੇ ਖਿੱਲਰੇ ਕੂੜੇ ਨੂੰ ਇਕ ਥਾਂ 'ਤੇ ਡੰਪ ਵਿਚ ਸੁੱਟ ਕੇ ਪਿੰਡ ਨੂੰ ਸਾਫ ਰੱਖਿਆ ਜਾ ਸਕੇ | ਸਰਪੰਚ ਜੱਗੂ ਖਜਾਨੇਕੋਟ ਨੇ ਸ: ਬਲਬੀਰ ਸਿੰਘ ਪੰਨੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ: ਪੰਨੂੰ ਵਲੋਂ ਵਿਕਾਸ ਕਾਰਜਾਂ ਨੂੰ ਚਲਾਉਣ ਵਾਸਤੇ ਬਹੁਤ ਵੱਡਾ ਸਾਥ ਦਿੱਤਾ ਹੈ | ਇਸ ਮੌਕੇ ਮੈਂਬਰ ਸਵਿੰਦਰ ਸਿੰਘ, ਹੀਰਾ ਸਿੰਘ ਤੇ ਬਲਦੇਵ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |