21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਜ਼ਿਲ੍ਹਾ ਗੁਰਦਾਸਪੁਰ ਅੰਦਰ ਭੀਖ ਮੰਗਣ ਵਾਲੇ ਛੋਟੇ ਬੱਚਿਆਂ ਦੀ ਗਿਣਤੀ 'ਚ ਹੋਇਆ ਵਾਧਾ ਸੰਬੰਧਿਤ ਵਿਭਾਗ ਖ਼ਾਮੌਸ਼

ਅਜੀਤ ਡੈਸਕ 20-06-2025
ਗੁਰਦਾਸਪੁਰ, 19 ਜੂਨ (ਅਸ਼ੋਕ ਸ਼ਰਮਾ)-ਚੰਦਰਮਾ 'ਤੇ ਘਰ ਬਣਾਉਣ ਦਾ ਸੁਪਨਾ ਦੇਖਣ ਵਾਲੇ ਭਾਰਤ ਦੀ ਜ਼ਮੀਨ 'ਤੇ ਅੱਜ ਵੀ ਵੱਡੀ ਗਿਣਤੀ ਵਿਚ ਲੋਕ ਆਪਣਾ ਜੀਵਨ ਮੰਗ ਕੇ ਬਤੀਤ ਕਰਨ ਲਈ ਮਜਬੂਰ ਹਨ | ਮੰਗ ਕੇ ਖਾਣ ਵਾਲਿਆਂ 'ਚ ਛੋਟੇ ਬੱਚੇ ਵੀ ਆਉਂਦੇ ਹਨ, ਜਿਨ੍ਹਾਂ ਦੇ ਪੈਰਾਂ 'ਚ ਨਾ ਤਾਂ ਜੁੱਤੀ ਅਤੇ ਨਾ ਹੀ ਤਨ 'ਤੇ ਪੂਰੇ ਕੱਪੜੇ ਹੁੰਦੇ ਹਨ | ਜ਼ਿਲ੍ਹਾ ਗੁਰਦਾਸਪੁਰ ਅਤੇ ਆਲੇ-ਦੁਆਲੇ ਦੇ ਕਸਬਿਆਂ 'ਚ ਭੀਖ ਮੰਗ ਕੇ ਪੇਟ ਪਾਲਣ ਵਾਲੇ ਛੋਟੇੇ ਬੱਚਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਸਬੰਧਿਤ ਵਿਭਾਗ ਇਸ ਪਾਸੇ ਧਿਆਨ ਨਹੀਂ ਦੇ ਰਿਹਾ | ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪੜ੍ਹਨ ਲਿਖਣ ਦੀ ਉਮਰ ਵਿਚ ਝੁੱਗੀ ਝੌਂਪੜੀਆਂ 'ਤੇ ਬੱਚੇ ਸਵੇਰੇ ਤੜਕਸਾਰ ਉੱਠ ਕੇ ਸ਼ਹਿਰ ਦੇ ਬਾਜ਼ਾਰਾਂ, ਗਲੀਆਂ ਤੇ ਦੁਕਾਨਾਂ ਅੱਗੇ ਖੜੇ ਹੋ ਜਾਂਦੇ ਹਨ ਅਤੇ ਹਰ ਆਉਣ ਜਾਣ ਵਾਲੇ ਵਿਅਕਤੀ ਪਾਸੋਂ ਭੀਖ ਮੰਗਦੇ ਹਨ | ਲੋਕਾਂ ਦਾ ਕਹਿਣਾ ਕਿ ਛੋਟੇ ਬੱਚਿਆਂ ਦੇ ਮਾਪਿਆਂ ਵਲੋਂ ਇਨ੍ਹਾਂ ਨੂੰ ਖ਼ੁਦ ਸ਼ਹਿਰ ਵਿਚ ਭੀਖ ਮੰਗਣ ਲਈ ਭੇਜ ਦਿੱਤਾ ਜਾਂਦਾ ਹੈ ਅਤੇ ਭੀਖ ਵਿਚ ਮਿਲੇ ਪੈਸੇ ਮਾਪੇ ਆਪਣੇ ਕੋਲ ਰੱਖ ਕੇ ਫਿਰ ਅਗਲੇ ਦਿਨ ਇਨ੍ਹਾਂ ਬੱਚਿਆਂ ਨੂੰ ਭੀਖ ਮੰਗਣ ਲਈ ਭੇਜ ਦਿੰਦੇ ਹਨ | ਇਨ੍ਹਾਂ ਬੱਚਿਆਂ ਦੀ ਹਾਲਤ ਮਾੜੀ ਦੇਖ ਕੇ ਕੁਝ ਲੋਕ ਤਰਸ ਖਾ ਕੇ ਇਨ੍ਹਾਂ ਨੂੰ ਪੈਸੇ ਦੇ ਦਿੰਦੇ ਹਨ | ਕੜਾਕੇ ਦੀ ਠੰਢ 'ਚ ਇਹ ਬੱਚੇ ਨੰਗੇ ਪੈਰੀਂ ਅਤੇ ਸਿਰ ਤੋਂ ਨੰਗੇ ਹੋ ਕੇ ਫਿਰਦੇ ਰਹਿੰਦੇ ਹਨ, ਜਿਨ੍ਹਾਂ ਦੇ ਬਿਮਾਰ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਕਈ ਬੱਚੇ ਹੱਥਾਂ ਵਿਚ ਥੈਲੇ ਫੜ ਕੇ ਸ਼ਹਿਰ ਅੰਦਰ ਲੱਗੇ ਕੂੜੇ ਦੇ ਢੇਰਾਂ 'ਤੇ ਫੋਲਾ ਫਰਾਲੀ ਕਰਕੇ ਉਸ ਵਿਚੋਂ ਮਿਲੇ ਸ਼ੀਸ਼ੇ ਅਤੇ ਪਲਾਸਟਿਕ ਦੇ ਸਮਾਨ ਨੂੰ ਇਕੱਠਾ ਕਰਕੇ ਵੇਚਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਮੰਗਣ ਵਾਲੀਆਂ ਔਰਤਾਂ ਵਲੋਂ ਛੋਟੇੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਭੀਖ ਮੰਗੀ ਜਾਂਦੀ ਹੈ | ਉਨ੍ਹਾਂ ਕਿਹਾ ਸਰਕਾਰ ਵਲੋਂ ਛੋਟੇ ਬੱਚਿਆਂ ਨੂੰ ਵਧੀਆ ਜੀਵਨ ਮੁਹੱਈਆ ਕਰਵਾਉਣ ਲਈ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਸਰਕਾਰ ਦੇ ਦਾਅਵੇ ਇਨ੍ਹਾਂ ਭੀਖ ਮੰਗਣ ਵਾਲੇ ਬੱਚਿਆਂ ਦੀ ਹਾਲਾਤ ਦੇਖ ਕੇ ਫ਼ੇਲ੍ਹ ਸਾਬਤ ਹੁੰਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਉਹ ਇਨ੍ਹਾਂ ਭੀਖ ਮੰਗਣ ਵਾਲੇ ਛੋਟੇ ਬੱਚਿਆਂ ਦੇ ਰਹਿਣ ਅਤੇ ਪੜ੍ਹਾਈ ਲਈ ਖ਼ਾਸ ਪ੍ਰਬੰਧ ਕਰਨ ਦੇ ਨਾਲ-ਨਾਲ ਇਨ੍ਹਾਂ ਦੇ ਮਾਪਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਨਾ ਕਰ ਸਕਣ |
ਪਿਛਲੀ ਖ਼ਬਰ ਗੁਰਦਾਸਪੁਰ ਪ੍ਰਬੰਧਕੀ ਕੰਪਲੈਕਸ ਦੇ ਪਖਾਨਿਆਂ ਦੀ ਹਾਲਤ ਖਸਤਾ-ਟੂਟੀਆਂ ਚੋਰੀ ਅਗਲੀ ਖ਼ਬਰ ਖ਼ਾਲਸਾ ਕਾਲਜ ਗੁਰਦਾਸ ਨੰਗਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਸੇਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।