ਤਾਰਾਗੜ੍ਹ, 19 ਜੂਨ (ਸੋਹਨ ਲਾਲ)-ਬੀਤੇ ਕੱਲ੍ਹ ਤਾਰਾਗੜ੍ਹ ਪੁਲਿਸ ਨੇ ਇਕ ਵਿਅਕਤੀ ਨੰੂ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ | ਏ.ਐਸ.ਆਈ. ਸੱਤਪਾਲ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੇ ਕੱਲ੍ਹ ਸ਼ਾਮ ਪੁਲਿਸ ਪਾਰਟੀ ਪਿੰਡ ਰਤਨਗੜ੍ਹ ਤੋਂ ਸਾਹਬ ਚੱਕ, ਝੇਲਾ ਆਮਦਾ, ਗੁਰਦਾਸਪੁਰ ਵੱਲ ਗਸ਼ਤ ਕਰ ਰਹੀ ਸੀ ਕਿ ਇਸੇ ਦੌਰਾਨ ਧੁੱਸੀ ਦੇ ਨਜ਼ਦੀਕ ਦਰਗਾਹ ਪੀਰ ਬਾਬਾ ਵਲੋਂ ਇਕ ਵਿਅਕਤੀ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਪੁਲਿਸ ਵੱਲ ਦੇਖ ਕੇ ਉਸ ਨੇ ਮੋਟਰਸਾਈਕਲ ਮੋੜ ਕੇ ਭੱਜਣ ਲੱਗਾ ਤਾਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਉਹ ਡਰ ਗਿਆ ਅਤੇ ਉਸ ਨੇ ਆਪਣੀ ਜੇਬ 'ਚੋਂ ਇਕ ਮੋਮੀ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ | ਜਲਦ ਹੀ ਪੁਲਿਸ ਪਾਰਟੀ ਨੇ ਉਸ ਨੰੂ ਕਾਬੂ ਕਰ ਲਿਆ ਅਤੇ ਮੋਮੀ ਲਿਫਾਫਾ ਚੈਕ ਕਰਨ 'ਤੇ ਉਸ ਵਿਚੋਂ ਹੈਰੋਇਨ ਬਰਾਮਦ ਹੋਈ | ਫੜੇ ਗਏ ਵਿਅਕਤੀ ਦੀ ਪਹਿਚਾਣ ਰਮਨ ਕੁਮਾਰ (ਰਵੀ) ਪੁੱਤਰ ਮਨੋਹਰ ਲਾਲ ਵਾਸੀ ਪਿੰਡ ਖੁਸ਼ੀ ਨਗਰ (ਛੰਨੀ) ਵਜੋਂ ਹੋਈ ਹੈ | ਏ.ਐਸ.ਆਈ. ਸੱਤਪਾਲ ਨੇ ਦੱਸਿਆ ਕਿ ਇਲੈਕਟ੍ਰੋਨਿਕ ਕੰਡੇ 'ਤੇ ਭਾਰ ਕਰਨ 'ਤੇ ਉਸ ਦਾ ਭਾਰ 10 ਗ੍ਰਾਮ ਹੋਇਆ | ਉਨ੍ਹਾਂ ਕਿਹਾ ਕਿ ਦੋਸ਼ੀ ਨੰੂ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਹੀ ਤਾਰਾਗੜ੍ਹ ਪੁਲਿਸ ਵਲੋਂ ਇਕ ਹੋਰ ਵਿਅਕਤੀ ਨੰੂ ਹੈਰੋਇਨ ਪੀਂਦੇ ਫੜਿਆ | ਏ.ਐਸ.ਆਈ. ਬਲਕਾਰ ਸਿੰਘ ਅਤੇ ਏ.ਐਸ.ਆਈ. ਪ੍ਰੇਮ ਨਾਥ ਨੇ ਦੱਸਿਆ ਕਿ ਅਸੀਂ ਪੁਲਿਸ ਪਾਰਟੀ ਨਾਲ ਤਾਰਾਗੜ੍ਹ ਤੋਂ ਗੱਜੂ ਜਾਗੀਰ, ਕਥਲੌਰ ਆਦਿ ਪਿੰਡਾਂ ਵਿਚ ਗਸ਼ਤ ਦੌਰਾਨ ਜਾ ਰਹੇ ਸੀ ਤਾਂ ਦੇਖਿਆ ਕਿ ਇਕ ਮੋਨਾ ਲੜਕਾ ਕੱਚੀ ਫਿਰਨੀ 'ਚ ਬੈਠਾ ਚਿੱਟਾ ਪੀ ਰਿਹਾ ਸੀ | ਉਸ ਕੋਲੋਂ ਸਿਲਵਰ ਪੇਪਰ, ਲਾਈਟਰ ਅਤੇ 10 ਰੁਪਏ ਦਾ ਨੋਟ ਜੋ ਗੋਲ ਕੀਤਾ ਹੋਇਆ ਸੀ ਪਾਇਆ ਗਿਆ | ਚੈਕ ਕਰਨ 'ਤੇ ਪਤਾ ਲੱਗਾ ਕਿ ਸਿਲਵਰ ਪੇਪਰ 'ਤੇ ਚਿੱਟਾ ਲੱਗਾ ਹੋਇਆ ਸੀ | ਫੜੇ ਗਏ ਵਿਅਕਤੀ ਦੀ ਪਹਿਚਾਣ ਨੀਰਜ ਕੁਮਾਰ ਲਾਡੀ ਪੁੱਤਰ ਤਰਸੇਮ ਲਾਲ ਵਾਸੀ ਤਾਰਾਗੜ੍ਹ ਵਜੋਂ ਹੋਈ | ਏ.ਐਸ.ਆਈ. ਨੇ ਦੱਸਿਆ ਕਿ ਫੜੇ ਗਏ ਵਿਅਕਤੀ ਨੰੂ ਹਿਰਾਸਤ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |