ਪਠਾਨਕੋਟ, 19 ਜੂਨ (ਸੰਧੂ)-ਨਗਰ ਨਿਗਮ ਪਠਾਨਕੋਟ ਦੇ ਵਾਰਡ ਨੰਬਰ-24 ਦੇ ਲੋਕ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਭਾਜਪਾ ਦੇ ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ ਦੀ ਅਗਵਾਈ ਵਿਚ ਏ.ਸੀ. (ਜੀ) ਵਿਕਰਮਜੀਤ ਨੂੰ ਮਿਲੇ ਤੇ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਫ਼ਤਰ ਇਕ ਮੰਗ ਪੱਤਰ ਉਨ੍ਹਾਂ ਨੂੰ ਸੌਂਪਿਆ | ਜਿਸ ਵਿਚ ਉਨ੍ਹਾਂ ਨੇ ਮੰਗ ਰੱਖੀ ਕਿ ਪਿਛਲੇ ਕਿੰਨੇ ਸਮੇਂ ਤੋਂ ਪਾਸ ਟਿਊਬਲ ਜੋ ਨਹੀਂ ਬਣ ਰਿਹਾ ਹੈ, ਉਸ ਨੂੰ ਜਲਦੀ ਬਣਾਇਆ ਜਾਵੇ, ਨਾਲ ਹੀ ਉਨ੍ਹਾਂ ਨੇ ਉੱਥੇ ਬਣੇ ਪੁਰਾਣੇ ਟਿਊਬਲ ਉੱਪਰ ਇਕ ਕਰਮਚਾਰੀ ਨੂੰ ਵੀ ਬਦਲਣ ਦੀ ਮੰਗ ਰੱਖੀ | ਵਫ਼ਦ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਨੂੰ ਪਾਣੀ ਦੀ ਸਮੱਸਿਆ ਰਹੀ ਸੀ | ਉਸ ਤੋਂ ਬਾਅਦ ਉੱਥੇ ਟਿਊਬਲ ਤਾਂ ਪਾਸ ਕਰ ਦਿੱਤਾ ਗਿਆ, ਪਰ ਉਸ ਦਾ ਕੰਮ ਅਜੇ ਤੱਕ ਨਹੀਂ ਸ਼ੁਰੂ ਕੀਤਾ ਗਿਆ ਹੈ | ਜਿਸ ਕਾਰਨ ਉਨ੍ਹਾਂ ਦੀ ਵਾਰਡ ਵਿਚ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ | ਉਨ੍ਹਾਂ ਮੰਗ ਰੱਖੀ ਹੈ ਕਿ ਟਿਊਬਲ ਦਾ ਨਿਰਮਾਣ ਛੇਤੀ ਕੀਤਾ ਜਾਵੇ | ਉੱਥੇ ਹੀ ਉਨ੍ਹਾਂ ਨੇ ਨਗਰ ਨਿਗਮ ਅਤੇ ਵਾਰਡ ਕੌਂਸਲਰ ਦੇ ਖ਼ਿਲਾਫ਼ ਵੀ ਰੋਸ ਜ਼ਾਹਿਰ ਕੀਤਾ | ਗੱਲਬਾਤ ਕਰਦੇ ਹੋਏ ਜ਼ਿਲ੍ਹਾ ਭਾਜਪਾ ਬੁਲਾਰੇ ਯੋਗੇਸ਼ ਠਾਕੁਰ ਨੇ ਕਿਹਾ ਕਿ ਪਾਣੀ ਮਨੁੱਖ ਦੀ ਇਕ ਬੁਨਿਆਦੀ ਜ਼ਰੂਰਤ ਹੈ ਤੇ ਜੇਕਰ ਰਾਜਨੀਤਿਕ ਲੋਕ ਲੋਕਾਂ ਦੀ ਇਹ ਜ਼ਰੂਰਤ ਪੂਰੀ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ ਆਪਣੇ ਅਹੁਦੇ ਛੱਡ ਦੇਣੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਲਗਪਗ 3 ਮਹੀਨਿਆਂ ਤੋਂ ਲੋਕਾਂ ਨੂੰ ਪਾਣੀ ਦੀ ਇਕ ਬੂੰਦ ਵੀ ਨਸੀਬ ਨਹੀਂ ਹੋਈ, ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ | ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਕਰਨ ਨਹੀਂ ਆਏ ਸਗੋਂ ਲੋਕਾਂ ਦੀ ਮੁੱਖ ਸਮੱਸਿਆ ਤੋਂ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਅਤੇ ਉਸ ਦਾ ਹੱਲ ਕਰਵਾਉਣ ਲਈ ਆਏ ਹਨ | ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਉਨ੍ਹਾਂ ਅਤੇ ਮੁਹੱਲਾ ਵਾਸੀਆਂ ਦੀ ਮੀਟਿੰਗ ਸੁਖਾਵੇਂ ਮਾਹੌਲ ਵਿਚ ਹੋਈ ਹੈ ਤੇ ਪ੍ਰਸ਼ਾਸਨ ਵਲੋਂ ਸਮੱਸਿਆ ਦੇ ਹੱਲ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ, ਜੋ ਕਿ ਬਹੁਤ ਜ਼ਿਆਦਾ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਉਨ੍ਹਾਂ ਵਲੋਂ ਦੱਸਿਆ ਗਿਆ ਹੈ ਕਿ ਸਮੱਸਿਆ ਦਾ ਹੱਲ 4 ਤੋਂ 5 ਦਿਨਾਂ ਵਿਚ ਕੀਤਾ ਜਾਵੇ ਤੇ ਜਿੰਨੇ੍ਹ ਦਿਨ ਸਮੱਸਿਆ ਦਾ ਹੱਲ ਨਹੀਂ ਹੁੰਦਾ ਵਾਰਡ ਵਿਚ ਸਵੇਰੇ ਸ਼ਾਮ ਪਾਣੀ ਦੇ ਟੈਂਕਰ ਭੇਜੇ ਜਾਣ | ਉਨ੍ਹਾਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਸਮੇਂ 'ਤੇ ਨਾ ਹੋਇਆ ਤਾਂ ਉਹ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਵੀ ਸਨ |