ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦਿਹਾਤੀ ਮੰਡਲ ਬਟਾਲਾ ਦੀ ਵਿਸ਼ੇਸ ਮੀਟਿੰਗ ਉਪ ਮੰਡਲ ਬਟਾਲਾ ਵਿਖੇ ਗੁਰਦਿਆਲ ਸਿੰਘ ਘਣੀਏ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਦਿਲਬਾਗ ਸਿੰਘ ਬੁੱਟਰ ਸਰਕਲ ਪ੍ਰਧਾਨ ਗੁਰਦਾਸਪੁਰ ਤੇ ਰਜਿੰਦਰ ਸਿੰਘ ਟਰੱਪਲਾ ਨੇ ਵੀ ਸ਼ਮੂਲੀਅਤ ਕੀਤੀ | ਕਰਮਚਾਰੀ ਦਲ ਦੇ ਆਗੂਆਂ ਨੇ ਮੁਲਾਜ਼ਮਾਂ ਦੇ ਮਸਲਿਆਂ ਅਤੇ ਸੰਘਰਸ਼ ਦੀ ਮੌਜ਼ੂਦਾ ਸਥਿਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਬਾਅਦ ਵਿਚ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜ਼ਮੈਂਟ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਅੜੀਅਲ ਵਤੀਰੇ ਦੀ ਨਿੰਦਾ ਕੀਤੀ | ਆਗੂਆਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਡੀ.ਏ. ਦਾ ਬਕਾਇਆ, ਪੁਰਾਣੀ ਪੈਨਸ਼ਨ ਬਹਾਲ ਕਰਨੀ ਵੀ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਵਿਭਾਗ ਨੂੰ ਨਿੱਜੀਕਰਨ ਵੱਲ ਲਿਜਾਇਆ ਜਾ ਰਿਹਾ ਹੈ, ਜਿਸ ਦੇ ਰੋਸ ਵਜੋਂ ਜੁਆਇੰਟ ਫ਼ੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸਾਂਝੇ ਸੰਘਰਸ਼ ਤਹਿਤ 29 ਅਕਤੂਬਰ ਨੂੰ ਸਰਕਲ ਪੱਧਰੀ ਰੋਸ ਰੈਲੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਕੁਲਜੀਤ ਸਿੰਘ ਅਮਰਗੜ੍ਹ, ਸਰਬਜੀਤ ਸਿੰਘ ਅਲੋਵਾਲ, ਦਲਬੀਰ ਸਿੰਘ ਉਸਾਹਨ, ਰਜਵੰਤ ਸਿੰਘ ਬੱਲੂਵਾਲ, ਮਨਪ੍ਰੀਤ ਸਿੰਘ ਆਲੋਵਾਲ, ਜਗਮੀਤ ਸਿੰਘ, ਬੋਧਰਾਜ, ਵਿਜੇ ਕੁਮਾਰ, ਜਗਦੀਪ ਸਿੰਘ, ਲਾਲ ਸਿੰਘ, ਹਿਮਾਂਸ਼ੂ ਨਈਅਰ ਆਦਿ ਹਾਜ਼ਰ ਸਨ |