ਘੁਮਾਣ, 16 ਅਕਤੂਬਰ (ਬੰਮਰਾਹ)-ਬੀਤੀ ਦੇਰ ਸ਼ਾਮ ਘੁਮਾਣ ਵਿਖੇ ਆਮ ਆਦਮੀ ਪਾਰਟੀ ਦੇ ਆਗੂ, ਪੰਚਾਇਤ ਮੈਂਬਰ ਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਜੀਤ ਸਿੰਘ ਜੰਬਾ ਦੀ ਦੁਕਾਨ ਜੰਬਾ ਕੁਲੈਕਸ਼ਨ 'ਤੇ 3 ਅਣਪਛਾਤੇ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਆਂ ਚਲਾ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ | ਇਸ ਘਟਨਾ ਦੌਰਾਨ ਗੁਰਜੀਤ ਸਿੰਘ ਜੰਬਾ ਦੇ ਚਾਰ ਗੋਲੀਆਂ ਲੱਗੀਆਂ ਤੇ ਬਾਕੀ ਗੋਲੀਆਂ ਉਨ੍ਹਾਂ ਦੇ ਦੁਕਾਨ ਦੇ ਸ਼ੀਸ਼ਿਆਂ ਤੇ ਸ਼ਟਰਾਂ ਵਿਚ ਵੱਜੀਆਂ ਸਨ | ਭਾਵੇਂ ਕਿ ਗੁਰਜੀਤ ਸਿੰਘ ਜੰਬਾ ਵਲੋਂ ਆਪਣੀ ਸੁਰੱਖਿਆ ਲਈ ਗੋਲੀਆਂ ਮਾਰਨ ਵਾਲਿਆਂ 'ਤੇ ਗੋਲੀਆਂ ਚਲਾਈਆਂ, ਪਰ ਉਹ ਗੋਲੀਆਂ ਚਲਾਉਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ | ਸਾਰੀ ਘਟਨਾ ਤੋਂ ਬਾਅਦ ਘੁਮਾਣ ਪੁਲਿਸ ਵਲੋਂ ਗੁਰਜੀਤ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਘੁਮਾਣ ਦੇ ਬਿਆਨ ਦਰਜ ਕੀਤੇ, ਜਿਸ ਵਿਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬਾਜ਼ਾਰ ਵਿਚ ਜੰਬਾ ਕੁਲੈਕਸ਼ਨ ਨਾਂਅ 'ਤੇ ਕੱਪੜੇ ਦੀ ਦੁਕਾਨ ਹੈ | 15 ਅਕਤੂਬਰ ਵਕਤ ਸ਼ਾਮ 7 ਵਜੇ ਆਪਣੀ ਦੁਕਾਨ ਵਿਚ ਆਪਣੇ ਘਰ ਵਾਲੇ ਪਾਸੇ ਲੱਗੇ ਦਰਵਾਜ਼ੇ ਵੱਲ ਦੀ ਦੁਕਾਨ ਅੰਦਰ ਦਾਖਲ ਹੋਇਆ ਤਾਂ ਪਹਿਲਾਂ ਹੀ ਦੋ ਸ਼ੱਕੀ ਵਿਅਕਤੀ, ਜਿਨ੍ਹਾਂ ਨੇ ਮੂੰਹ 'ਤੇ ਮਾਸਕ ਪਾਏ ਹੋਏ ਸਨ | ਉਨ੍ਹਾਂ ਦੋਨਾਂ ਸ਼ੱਕੀ ਵਿਅਕਤੀਆਂ ਨੇ ਮੈਨੂੰ ਦੇਖਦੇ ਹੀ ਪਿਸਤੌਲ ਕੱਢ ਲਏ ਅਤੇ ਮੈਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਮੇਰੇ ਉੱਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ | ਉਨ੍ਹਾਂ ਵਲੋਂ ਚਲਾਈਆਂ ਗਈਆਂ ਗੋਲੀਆਂ ਮੇਰੇ ਪੇਟ ਦੇ ਹੇਠਲੇ ਹਿੱਸੇ 'ਤੇ ਲੱਗੀਆਂ ਤੇ ਦੋਨੋਂ ਨੌਜਵਾਨ ਗੋਲੀਆਂ ਚਲਾਉਂਦੇ ਹੋਏ ਬਾਹਰ ਚਲੇ ਗਏ ਅਤੇ ਬਾਹਰ ਜਾ ਕੇ ਵੀ ਗੋਲੀਆਂ ਚਲਾਈਆਂ, ਜਿਸ ਨਾਲ ਮੇਰੀ ਦੁਕਾਨ ਦੇ ਸ਼ੀਸ਼ੇ ਟੁੱਟ ਗਏ ਤੇ ਦੁਕਾਨ ਦਾ ਕਾਫੀ ਨੁਕਸਾਨ ਹੋਇਆ | ਇਨ੍ਹਾਂ ਦੋਨਾਂ ਦੇ ਨਾਲ ਇਕ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਜੋ ਬਾਹਰ ਖੜ੍ਹਾ ਸੀ, ਉਸ ਨਾਲ ਬੈਠ ਕੇ ਦੋਨੋਂ ਫਰਾਰ ਹੋ ਗਏ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੇਰੇ ਭਤੀਜੇ ਦੇ ਬਿਆਨਾਂ 'ਤੇ ਸਾਜਨ ਪੁੱਤਰ ਬਾਊ ਰਾਮ ਵਾਸੀ ਘੁਮਾਣ 'ਤੇ ਮੁਕੱਦਮਾ ਦਰਜ ਹੋਇਆ ਸੀ | ਇਸ ਕੇਸ ਵਿਚ ਮੇਰੀਆਂ ਗਵਾਹੀਆ ਹੋ ਰਹੀਆਂ ਹਨ ਅਤੇ ਇਸ ਕੇਸ ਦੀ ਪੈਰਵਾਈ ਵੀ ਮੈਂ ਕਰ ਰਿਹਾ ਹਾਂ | ਇਸ ਕੇਸ ਦੀ 16 ਅਕਤੂਬਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ੀ ਸੀ | ਥਾਣਾ ਘੁਮਾਣ ਦੇ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਜੰਬਾ ਨੇ ਆਪਣੇ ਬਿਆਨਾਂ ਵਿਚ ਇਹ ਦੱਸਿਆ ਕਿ ਮੈਨੂੰ ਯਕੀਨ ਹੈ ਕਿ ਇਹ ਜਾਨਲੇਵਾ ਹਮਲਾ ਸਾਜਨ ਨੇ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਦੇ ਬਿਆਨਾਂ 'ਤੇ ਸਾਜਨ ਪੁੱਤਰ ਬਾਬੂ ਰਾਮ ਤੇ ਤਿੰਨ ਅਣਪਛਾਤੇ ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕਰਨ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਗੁਰਜੀਤ ਸਿੰਘ ਅੰਮਿ੍ਤਸਰ ਦੇ ਐਸਕੋਰਟ ਹਸਪਤਾਲ ਵਿਚ ਜ਼ੇਰੇ ਇਲਾਜ ਹਨ | ਉਨ੍ਹਾਂ ਦੀ ਹਾਲਤ ਠੀਕ ਹੈ |