ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਬੀਬੀ ਪਿ੍ੰਸੀਪਲ ਸੁਖਵਿੰਦਰ ਕੌਰ ਦੇ ਹੱਕ 'ਚ ਪਿੰਡ ਮੀਆਂਪੁਰ, ਢੰਡ, ਗੰਗਾਨਗਰ ਢੰਡ, ਕਸੇਲ, ਹਰਬੰਸਪੁਰਾ ਵਿਚ ਲੱਗੀ ਆਪਣੀ ਡਿਊਟੀ ਨੂੰ ਨਿਭਾਅ ਰਹੇ ਸਾਬਕਾ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਨੇ ਪ੍ਰਚਾਰ ਮੌਕੇ ਵਰਕਰ ਮੀਟਿੰਗਾਂ ਤੋਂ ਬਾਅਦ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਰੰਧਾਵਾ ਇਸ ਚੋਣ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਤਰਨ ਤਾਰਨ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੂੰ ਯਾਦ ਕਰ ਰਹੇ ਹਨ, ਪਿਛਲੇ ਅੱਠ ਸਾਲ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੋਈ ਵੀ ਵਿਕਾਸ ਨਹੀਂ ਕਰਵਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ ਅੱਜ ਤਰਨ ਤਾਰਨ ਦੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਮਿਲਦੇ ਹੋਏ ਪਤਾ ਲੱਗਾ ਕਿ ਲੋਕ ਸਰਕਾਰ ਤੋਂ ਬਹੁਤ ਦੁਖੀ ਬੈਠੇ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਵਿਕਾਸ ਅਤੇ ਹਰ ਵਰਗ ਨੂੰ ਮਿਲਦੀਆਂ ਸੁੱਖ-ਸਹੂਲਤਾਂ ਨੂੰ ਯਾਦ ਕਰ ਰਹੇ ਹਨ | ਇਸ ਮੌਕੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਹਲਕਾ ਇੰਚਾਰਜ ਦੀਨਾਨਗਰ ਕਵਲਜੀਤ ਚਾਵਲਾ, ਦਲਬੀਰ ਸਿੰਘ ਬਿੱਲਾ ਭਟੋਆ, ਕਵਲਜੀਤ ਸਿੰਘ ਬੱਬੇਹਾਲੀ ਤੇ ਕਰਮ ਸਿੰਘ ਭੱਟੀ ਆਦਿ ਹਾਜ਼ਰ ਸਨ |