ਗੁਰਦਾਸਪੁਰ, 23 ਅਕਤੂਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅੰਦਰ ਪੈਂਦੇ ਪਿੰਡ ਨਾਰਦਾਂ ਦੇ ਇਕ ਕਿਸਾਨ ਦੇ ਖੇਤਾਂ 'ਚੋਂ ਬਿਜਲੀ ਦਾ ਟਰਾਂਸਫ਼ਾਰਮਰ ਤੇ 5 ਹਾਰਸਪਾਵਰ ਦੀ ਮੋਟਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਪੀੜਤ ਕਿਸਾਨ ਬਲਰਾਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਨਾਰਦਾਂ ਨੇ ਦੱਸਿਆ ਕਿ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜਦੋਂ ਅੱਜ ਉਹ ਖੇਤਾਂ ਵਿਚ ਗਏ ਤਾਂ ਮੋਟਰ ਵਾਲੇ ਕਮਰੇ ਦਾ ਤਾਲਾ ਟੁੱਟਿਆ ਪਿਆ ਸੀ ਤੇ ਉਸ ਵਿਚੋਂ 5 ਹਾਰਸ ਪਾਵਰ ਦੀ ਮੋਟਰ ਗ਼ਾਇਬ ਸੀ | ਇਸ ਤੋਂ ਇਲਾਵਾ ਚੋਰਾਂ ਵਲੋਂ ਬਿਜਲੀ ਦੇ ਟਰਾਂਸਫ਼ਾਰਮਰ ਵਿਚੋਂ ਤੇਲ ਤੇ ਹੋਰ ਸਾਮਾਨ ਚੋਰੀ ਕਰਕੇ ਉਸ ਨੂੰ ਦੂਰ ਖੇਤਾਂ 'ਚ ਸੁੱਟਿਆ ਹੋਇਆ ਸੀ | ਜਿਸ ਨਾਲ ਉਨ੍ਹਾਂ ਦਾ 50 ਹਜ਼ਾਰ ਦੇ ਕਰੀਬ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਲਾਕੇ ਅੰਦਰ ਅਜਿਹੀਆਂ ਚੋਰੀਆਂ ਆਮ ਵਾਪਰ ਰਹੀਆਂ ਹਨ, ਜਿਸ ਨਾਲ ਕਿਸਾਨ ਕਾਫੀ ਦੁਖੀ ਹਨ | ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਸਬੰਧੀ ਸ਼ਿਕਾਇਤ ਬਰਿਆਰ ਪੁਲਿਸ ਚੌਕੀ ਵਿਖੇ ਦਰਜ ਕਰਵਾ ਦਿੱਤੀ ਗਈ ਹੈ | ਪਰ ਪੁਲਿਸ ਵਲੋਂ ਅਜੇ ਤੱਕ ਕਿਸੇ ਵੀ ਚੋਰ ਦਾ ਸੁਰਾਗ ਨਹੀਂ ਲੱਗ ਸਕਿਆ | ਉਨ੍ਹਾਂ ਨੇ ਜ਼ਿਲਾ ਪੁਲਿਸ ਮੁਖੀ ਪਾਸੋਂ ਮੰਗ ਕੀਤੀ ਕਿ ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ, ਜਿਸ ਨਾਲ ਕਿਸਾਨਾਂ ਦਾ ਸਾਮਾਨ ਚੋਰੀ ਹੋਣ ਤੋਂ ਬਚ ਸਕੇ |