ਪਠਾਨਕੋਟ, 6 ਨਵੰਬਰ (ਵਿਨੋਦ)- ਭੱਠਿਆਂ ਉੱਪਰ ਮਜ਼ਦੂਰਾਂ ਨੂੰ ਰਹਿਣ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾਂ ਦੂਰ ਕਰਨ ਲਈ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਜ਼ਿਲ੍ਹਾ ਪਠਾਨਕੋਟ ਡਾ: ਪੱਲਵੀ ਨੂੰ ਮੰਗ ਪੱਤਰ ਦਿੱਤਾ ਗਿਆ | ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਤੇ ਸਹਾਇਕ ਸਕੱਤਰ ਕਾਮਰੇਡ ਮਨਹਰਨ ਨੇ ਦੱਸਿਆ ਕਿ ਇੱਟਾਂ ਦੇ ਭੱਠਿਆਂ ਉੱਪਰ ਔਰਤ-ਮਰਦ ਬੱਚਿਆਂ ਸਮੇਤ ਰਹਿ ਕੇ ਪਥੇਰ, ਨਿਕਾਸੀ, ਭਰਾਈ, ਜਲਾਈ ਤੇ ਪੱਕੀਆਂ ਇੱਟਾਂ ਦੇ ਲੋਡ-ਅਨਲੋਡ ਦਾ ਕੰਮ ਕਰਦੇ ਹਨ ਪਰ ਕਿਧਰੇ ਵੀ ਔਰਤਾਂ ਮਰਦਾਂ ਲਈ ਪਖ਼ਾਨੇ, ਪਰਦੇ ਹੇਠ ਬਾਥਰੂਮ ਤੇ ਰਹਿਣ ਲਈ ਪੱਕੇ ਕੁਆਟਰਾਂ ਦੀ ਵਿਵਸਥਾ ਨਹੀਂ ਹੈ | ਰਿਹਾਇਸ਼ ਲਈ ਝੁੱਗੀਆਂ ਹੋਣ ਕਰਕੇ ਹਨੇਰੀ-ਤੂਫਾਨ ਮੌਕੇ ਅਕਸਰ ਮਜ਼ਦੂਰਾਂ ਦੇ ਸੱਟ ਲੱਗਣ ਦੀਆਂ ਘਟਨਾਵਾਂ ਵਾਪਰ ਦੀਆਂ ਹਨ | ਇਸ ਸੰਬੰਧੀ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਵੱਲੋਂ ਪਿਛਲੇ ਕਈ ਸਾਲ ਤੋਂ ਲਗਾਤਾਰ ਭੱਠਾ ਮਾਲਕਾਂ ਨੂੰ ਲਿਖਤੀ ਤੌਰ 'ਤੇ ਪੱਕੇ ਕਵਾਰਟਰ ਸਮੇਤ ਬਾਥਰੂਮ ਦੀ ਮੰਗ ਕਰਦੇ ਆ ਰਹੇ ਹਾਂ | ਹਰ ਸਾਲ ਭੱਠਾ ਮਾਲਕਾਂ ਵੱਲੋਂ ਭਰੋਸਾ ਦਿੱਤਾ ਜਾਂਦਾ ਹੈ ਪਰ ਅਮਲੀ ਰੂਪ ਵਿਚ ਕੁਝ ਨਹੀਂ ਹੋ ਰਿਹਾ | ਡਿਪਟੀ ਕਮਿਸ਼ਨਰ ਡਾ: ਪੱਲਵੀ ਨੇ ਵਫਦ ਵਿਚ ਗਏ ਆਗੂਆਂ ਤੋਂ ਇਲਾਵਾ ਸ਼ਾਮਿਲ ਔਰਤਾਂ ਦੀ ਗੱਲਬਾਤ ਸੁਣਨ ਉਪਰੰਤ ਭਰੋਸਾ ਦਿਵਾਇਆ ਕਿ ਜਲਦ ਮੁਸ਼ਕਿਲਾਂ ਦੂਰ ਕਰਨ ਦਾ ਉਪਰਾਲਾ ਕੀਤਾ ਜਾਵੇਗਾ | ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਦੋ ਹਫ਼ਤੇ ਦੇ ਅੰਦਰ-ਅੰਦਰ ਡਿਪਟੀ ਡਾਇਰੈਕਟਰ ਫੈਕਟਰੀਜ਼ ਨੇ ਬਣਦੀ ਕਾਰਵਾਈ ਅਮਲ 'ਚ ਨਾ ਕੀਤੀ ਤਾਂ ਜ਼ਿਲ੍ਹਾ ਹੈੱਡਕੁਆਰਟਰ ਪਠਾਨਕੋਟ ਵਿਖੇ ਭੱਠਾ ਮਜ਼ਦੂਰ ਸੀ.ਟੀ.ਯੂ. ਪੰਜਾਬ ਦੀ ਅਗਵਾਈ ਹੇਠ ਪੱਕਾ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |