ਬਟਾਲਾ, 24 ਨਵੰਬਰ (ਸਤਿੰਦਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ ਜਿਸ ਦੀ ਤਾਜ਼ਾ ਉਦਾਹਰਣ ਤਰਨ ਤਾਰਨ ਹਲਕੇ ਦੀ ਹੋਈ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਵੋਟ ਦੇ ਵਧੇ ਗ੍ਰਾਫ ਤੋਂ ਮਿਲਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਜ਼ੁਰਗ ਸਿਆਸਤਦਾਨ ਤੇ ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਸ: ਜਰਨੈਲ ਸਿੰਘ ਮਾਹਲ ਨੇ ਕੀਤਾ | ਸ: ਮਾਹਲ ਨੇ ਅੱਗੇ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਪਾਰਟੀ ਦੇ ਹਰੇਕ ਆਗੂ ਤੇ ਵਰਕਰ ਨੂੰ ਆਪਣੇ ਨਾਲ ਲੈ ਕੇ ਤੁਰਦੇ ਹਨ ਤੇ ਉਨ੍ਹਾਂ ਵਲੋਂ ਦਿੱਤੀ ਸਲਾਹ-ਮਸ਼ਵਰਿਆਂ 'ਤੇ ਵੀ ਪੂਰੀ ਪੈਰਵਾਈ ਕਰਦੇ ਹਨ ਜਿਸ ਕਾਰਨ ਲੋਕ ਅਕਾਲੀ ਦਲ ਨਾਲ ਮੁੜ ਤੋਂ ਜੁੜ ਰਹੇ ਹਨ | ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਮੌਜੂਦਾ ਸਰਕਾਰ ਵਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਤੇ ਸਰਕਾਰੀਤੰਤਰ ਦੀ ਰੱਜ ਕੇ ਕੀਤੀ ਦੁਰਵਰਤੋਂ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਨੇ ਸ: ਬਾਦਲ ਦੀ ਅਗਵਾਈ 'ਚ ਭੁਗਤਦਿਆਂ ਪਾਰਟੀ ਨੂੰ ਦੂਸਰੇ ਸਥਾਨ 'ਤੇ ਲਿਆਂਦਾ ਹੈ ਤੇ ਇਸੇ ਤਰ੍ਹਾਂ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਨ ਦਾ ਮੁੱਢ ਬੱਝ ਚੁੱਕਾ ਹੈ |