ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਅਰੋੜਾ ਭਾਈਚਾਰੇ ਨੂੰ ਸੰਗਠਿਤ ਕਰਨ ਅਤੇ ਸਮਾਜ ਦੀ ਏਕਤਾ ਅਤੇ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਦੇ ਉਦੇਸ਼ ਨਾਲ ਅਰੋੜਾ ਮਹਾਂਸਭਾ ਪੰਜਾਬ ਵਲੋਂ ਇਕ ਰਾਜ ਵਿਆਪੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ | ਪੰਜਾਬ ਦੇ ਪ੍ਰਧਾਨ ਕਮਲਜੀਤ ਸੇਤੀਆ ਦੀ ਅਗਵਾਈ ਹੇਠ ਇਸ ਮੁਹਿੰਮ ਤਹਿਤ ਸੂਬੇ ਦੇ ਹਰੇਕ ਜ਼ਿਲ੍ਹੇ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਅਰੋੜਾ ਭਾਈਚਾਰੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਇੱਕ ਪਲੇਟਫ਼ਾਰਮ 'ਤੇ ਲਿਆਂਦਾ ਜਾ ਸਕੇ | ਇਸ ਸੰਬੰਧ ਵਿਚ ਫ਼ਾਜ਼ਿਲਕਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਅਰੋੜਾ ਮਹਾਂਸਭਾ ਦੇ ਸੂਬਾਈ ਸਕੱਤਰ ਐਡਵੋਕੇਟ ਮਹਿੰਦਰ ਪ੍ਰਤਾਪ ਢੀਂਗਰਾ ਦੇ ਨਿਵਾਸ ਸਥਾਨ 'ਤੇ ਇਕ ਮੀਟਿੰਗ ਕੀਤੀ ਗਈ | ਜਿਸ ਵਿਚ ਜਲਾਲਾਬਾਦ ਤੋਂ ਅਰੋੜਾ ਮਹਾਂਸਭਾ ਪੰਜਾਬ ਦੇ ਸਕੱਤਰ ਗੁਰਪ੍ਰੀਤ ਸਿੰਘ ਬੱਬਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੀਟਿੰਗ ਵਿਚ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਪ੍ਰਤੀਨਿਧੀਆਂ, ਸ੍ਰੀ ਅਰੋੜ ਵੰਸ਼ ਵੈੱਲਫੇਅਰ ਸੁਸਾਇਟੀ ਦੇ ਫਾੳਾੂਡਰ ਪ੍ਰਧਾਨ ਅਤੇ ਅਰੋੜਾ ਮਹਾਂਸਭਾ ਦੇ ਉਪ ਪ੍ਰਧਾਨ ਇੰਜੀ. ਬਾਬੂ ਲਾਲ ਅਰੋੜਾ, ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਰੁਣ ਵਧਵਾ, ਖ਼ਜ਼ਾਨਚੀ ਸੁਭਾਸ਼ ਚੰਦਰ ਅਰੋੜਾ ਆਦਿ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮਹਾਂਸਭਾ ਦੇ ਸਕੱਤਰ ਗੁਰਪ੍ਰੀਤ ਸਿੰਘ ਬੱਬਰ ਨੇ ਕਿਹਾ ਕਿ ਅਰੋੜਾ ਭਾਈਚਾਰੇ ਦੀ ਵੱਡੀ ਗਿਣਤੀ ਹੋਣ ਦੇ ਬਾਵਜੂਦ, ਸਮਾਜ ਵਿਚ ਏਕਤਾ ਦੀ ਘਾਟ ਹੈ | ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਭਾਈਚਾਰੇ ਦੇ ਲੋਕ ਆਪਣੇ ਨਿੱਜੀ ਹਿਤਾਂ ਦੀ ਕੁਰਬਾਨੀ ਦੇ ਕੇ ਇੱਕਜੁੱਟ ਹੋਣ ਅਤੇ ਇੱਕ ਮਜ਼ਬੂਤ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਸਮਾਜ ਦੇ ਹਿਤ ਵਿਚ ਕੰਮ ਕਰਨ | ਉਨ੍ਹਾਂ ਕਿਹਾ ਕਿ ਮਹਾਂਸਭਾ ਦੀ ਤਰਜੀਹ ਸਮਾਜ ਨੂੰ ਸਮਾਜਿਕ, ਵਿੱਦਿਅਕ ਅਤੇ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣਾ ਹੈ | ਮੀਟਿੰਗ ਵਿਚ ਮੌਜੂਦ ਇੰਜੀਨੀਅਰ ਬਾਬੂ ਲਾਲ ਅਰੋੜਾ ਸਮੇਤ ਸਾਰਿਆਂ ਨੇ ਸਮਾਜ ਵਿਚ ਏਕਤਾ ਅਤੇ ਸਹਿਯੋਗ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ | ਇਸ ਮੌਕੇ ਇਹ ਫ਼ੈਸਲਾ ਕੀਤਾ ਗਿਆ ਕਿ ਆਉਣ ਵਾਲੇ ਕੁੱਝ ਹਫ਼ਤਿਆਂ ਵਿਚ ਸਾਰੇ ਜ਼ਿਲਿ੍ਹਆਂ ਵਿਚ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਅਰੋੜਾ ਭਾਈਚਾਰੇ ਨੂੰ ਇੱਕਜੁੱਟ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ |