ਫ਼ਾਜ਼ਿਲਕਾ, 17 ਜੂਨ (ਦਵਿੰਦਰ ਪਾਲ ਸਿੰਘ)-ਦੇਸ਼ ਦੇ ਕੁੱਝ ਹਿੱਸਿਆਂ ਵਿਚ ਕੋਵਿਡ-19 ਮਾਮਲਿਆਂ ਵਿਚ ਹਲਕਾ ਵਾਧਾ ਦੇਖਦੇ ਹੋਏ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਕੁੱਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ | ਇਸ ਸੰਬੰਧੀ ਡਾ. ਰਾਜ ਕੁਮਾਰ ਸਿਵਲ ਸਰਜਨ ਫ਼ਾਜ਼ਿਲਕਾ ਦੀ ਉਚੇਚੀ ਨਿਗਰਾਨੀ 'ਚ ਡਾ. ਸੁਨੀਤਾ ਕੰਬੋਜ ਜ਼ਿਲ੍ਹਾ ਐਪੀਡੇਮਾਲੋਜਿਸਟ ਨੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਕਿਹਾ ਕਿ ਪੰਜਾਬ ਰਾਜ ਵਿਚ ਸਥਿਤੀ ਨਿਯੰਤਰਨ ਹੇਠ ਹੈ ਅਤੇ ਸਿਹਤ ਵਿਭਾਗ ਪੂਰੀ ਤਿਆਰੀ ਵਿਚ ਹੈ, ਫਿਰ ਵੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੰਕਰਮਣ ਦੇ ਫੈਲਾਅ ਨੂੰ ਰੋਕਣ ਲਈ ਮੁਢਲੀ ਸੁਰੱਖਿਆ ਸਾਵਧਾਨੀਆਂ ਅਪਣਾਉਣ | ਉਨ੍ਹਾਂ ਦੱਸਿਆ ਕਿ ਵੱਡੀ ਉਮਰ ਦੇ ਵਿਅਕਤੀ, ਗਰਭਵਤੀ ਮਹਿਲਾਵਾਂ, ਬਿਮਾਰ ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਭੀੜ ਭਾੜ ਵਾਲੀਆਂ ਤੇ ਜਾਣ ਤੋਂ ਪਰਹੇਜ਼ ਕਰਨ ਜਾਂ ਮਾਸਕ ਪਹਿਨ ਕੇ ਜਾਣ | ਖੰਘਣ ਜਾਂ ਛਿੱਕਣ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ, ਟਿਸ਼ੂ ਜਾਂ ਕੂਹਣੀ ਦੇ ਮੋੜ ਨਾਲ ਢੱਕੋਂ | ਜੇਕਰ ਤੁਹਾਨੂੰ ਬੁਖ਼ਾਰ, ਖੰਘ ਜਾਂ ਸਾਹ ਲੈਣ ਵਿਚ ਦਿੱਕਤ ਹੈ ਤਾਂ ਮਾਸਕ ਪਹਿਨੋ ਅਤੇ ਤੁਰੰਤ ਡਾਕਟਰ ਨੂੰ ਦਿਖਾਓ | ਉਨ੍ਹਾਂ ਹੈਲਥ ਕੇਅਰ ਸਟਾਫ਼ ਨੂੰ ਵੀ ਸਲਾਹ ਦਿੱਤੀ ਕਿ ਉਹ ਡਿਊਟੀ ਸਮੇਂ ਮਾਸਕ ਪਹਿਨਣ ਅਤੇ ਕੋਵਿਡ-ਉਚਿਤ ਵਿਹਾਰ ਦੀ ਪਾਲਣਾ ਕਰਨ | ਭੀੜ ਵਾਲੀਆਂ ਜਾਂ ਘੱਟ ਹਵਾਦਾਰ ਥਾਵਾਂ ਤੇ ਜਾਣ ਤੋਂ ਬਚੋ, ਖ਼ਾਸ ਕਰਕੇ ਜੇ ਤੁਹਾਨੂੰ ਪਹਿਲਾਂ ਤੋਂ ਕੋਈ ਸਿਹਤ ਸਮੱਸਿਆ ਹੈ | ਬਿਨਾਂ ਹੱਥ ਧੋਤੇ ਆਪਣੇ ਚਿਹਰੇ, ਮੂੰਹ ਜਾਂ ਅੱਖਾਂ ਨੂੰ ਨਾ ਛੂਹੋ | ਪਬਲਿਕ ਥਾਵਾਂ 'ਤੇ ਨਾ ਥੁੱਕੋ | ਜੇਕਰ ਬੁਖ਼ਾਰ, ਖਾਂਸੀ, ਸਾਹ ਲੈਣ ਵਿਚ ਤਕਲੀਫ਼, ਨੱਕ ਵਗਣਾ, ਗਲੇ ਵਿਚ ਖ਼ਾਰਸ਼ ਲੱਛਣ ਆਉਣ ਤਾਂ ਖ਼ੁਦ ਇਲਾਜ ਨਾ ਕਰੋ, ਬਲਕਿ ਮਾਹਿਰ ਡਾਕਟਰ ਦੀ ਸਲਾਹ ਲਵੋ |