ਮੰਡੀ ਅਰਨੀਵਾਲਾ, 17 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਇਲਾਕੇ ਦੀ ਨਾਮਵਰ ਸਹਿ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਬੀ.ਏ. ਅਤੇ ਐਮ.ਏ. ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਇੱਕ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ | ਵਿਦਾਇਗੀ ਪਾਰਟੀ ਦੌਰਾਨ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿਚੋਂ ਸਾਂਝੇ ਰੂਪ ਵਿਚ ਮਿਸ ਫੇਅਰਵੈੱਲ ਹਾਸ਼ਮੀ ਬੀ.ਏ. ਭਾਗ ਤੀਜਾ, ਮਿਸਟਰ ਫੇਅਰਵੈੱਲ ਭੁਪਿੰਦਰ ਸਿੰਘ ਐਮ.ਏ. ਪੰਜਾਬੀ, ਖ਼ੂਬਸੂਰਤ ਮੁਸਕਾਨ ਨਵਦੀਪ ਕੌਰ ਐਮ.ਏ. ਪੰਜਾਬੀ, ਸ਼ਾਨਦਾਰ ਪਹਿਰਾਵਾ ਬਬਨਦੀਪ ਕੌਰ ਬੀ.ਏ. ਭਾਗ ਤੀਜਾ ਅਤੇ ਇੰਟੈਲੀਜੈਂਟ ਦਾ ਅਵਾਰਡ ਲਵਪ੍ਰੀਤ ਸਿੰਘ ਬੀ.ਏ. ਭਾਗ ਦੂਜਾ ਦੇ ਵਿਦਿਆਰਥੀ ਨੇ ਪ੍ਰਾਪਤ ਕੀਤਾ | ਇਸ ਮੌਕੇ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਵਿਦਿਆਰਥੀ ਜੀਵਨ ਜ਼ਿੰਦਗੀ ਦਾ ਖ਼ੂਬਸੂਰਤ ਹਿੱਸਾ ਹੁੰਦਾ ਹੈ, ਇਸ ਸਮੇਂ ਦੀਆਂ ਯਾਦਾਂ ਸਾਰੀ ਉਮਰ ਨਾਲ ਤੁਰਦੀਆਂ ਹਨ, ਅੱਜ ਜ਼ਿੰਦਗੀ ਦਾ ਇੱਕ ਪੜਾਅ ਜੋ ਮੁਕੰਮਲ ਹੋਇਆ ਹੈ | ਇਸ ਤੋਂ ਬਾਅਦ ਸਫ਼ਰ ਹੋਰ ਲਮੇਰਾ ਹੈ | ਇਸ ਲਮੇਰੇ ਸਫ਼ਰ 'ਤੇ ਅਸੀਂ ਤੁਹਾਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ | ਜਨਰਲ ਸਕੱਤਰ ਲਖਵਿੰਦਰ ਸਿੰਘ ਰੋਹੀ ਵਾਲਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ, ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀਆਂ 'ਤੇ ਹਮੇਸ਼ਾ ਮਾਣ ਰਿਹਾ ਹੈ | ਜਿਨ੍ਹਾਂ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦਾ ਨਾਮ ਪੰਜਾਬ ਭਰ ਵਿਚ ਸਤਿਕਾਰਿਆ ਜਾਂਦਾ ਹੈ | ਉਮੀਦ ਕਰਦੇ ਹਾਂ ਸਾਡੇ ਵਿਦਿਆਰਥੀ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਹੀ ਜੀਵਨ ਮੰਚ 'ਤੇ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ | ਪਿ੍ੰਸੀਪਲ ਡਾ. ਰਜਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਫੇਅਰਵੈੱਲ ਪਾਰਟੀ ਦਾ ਮਤਲਬ ਵਿਦਿਆਰਥੀਆਂ ਨੂੰ ਅਲਵਿਦਾ ਕਹਿਣਾ ਨਹੀਂ ਹੁੰਦਾ ਸਗੋਂ ਸ਼ੁੱਭਕਾਮਨਾਵਾਂ ਦੇਣਾ ਹੁੰਦਾ ਹੈ, ਕਿਉਂਕਿ ਇਸ ਉਪਰੰਤ ਉਹ ਅਗਲੇ ਪੜਾਅ ਦਾ ਸਫ਼ਰ ਸ਼ੁਰੂ ਕਰਦੇ ਹਨ | ਪ੍ਰੋ. ਸ਼ਰਨਜੀਤ ਕੌਰ ਅਤੇ ਪ੍ਰੋਫੈਸਰ ਪਰਮਜੀਤ ਕੌਰ ਦੀ ਦੇਖ ਰੇਖ ਹੇਠ ਇਸ ਪਾਰਟੀ ਦਾ ਸਮੁੱਚਾ ਪ੍ਰਬੰਧ ਕੀਤਾ ਗਿਆ | ਜਦਕਿ ਹੋਸਟ ਦੀ ਭੂਮਿਕਾ ਨਵਦੀਪ ਕੌਰ ਐਮ.ਏ. ਪੰਜਾਬੀ ਅਤੇ ਗਾਇਤਰੀ ਦੇਵੀ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਬਾਖ਼ੂਬੀ ਨਿਭਾਈ ਗਈ | ਪ੍ਰੋਫੈਸਰ ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਕਾਲਜ ਮੈਨੇਜਮੈਂਟ ਸਕੱਤਰ ਪਿ੍ਤਪਾਲ ਸਿੰਘ ਗਿੱਲ , ਖ਼ਜ਼ਾਨਚੀ ਦਲਜਿੰਦਰ ਸਿੰਘ ਬਿੱਲਾ ਸੰਧੂ, ਮੈਂਬਰ ਮਨਿੰਦਰ ਸਿੰਘ ਢਿੱਲੋਂ, ਮੈਂਬਰ ਹਰਦੀਪ ਸਿੰਘ ਸੰਧੂ, ਗੁਰਮਾਨ ਭੁੱਲਰ 'ਤੇ ਸਮੂਹ ਸਟਾਫ਼ ਦਾ ਸੁਆਗਤ ਕੀਤਾ |