ਫ਼ਾਜ਼ਿਲਕਾ, 20 ਜੂਨ (ਦਵਿੰਦਰ ਪਾਲ ਸਿੰਘ)-ਡਾ. ਬੀ. ਡੀ. ਸਚਦੇਵਾ ਵੈੱਲਫੇਅਰ ਸੋਸਾਇਟੀ ਨੇ ਫ਼ਾਜ਼ਿਲਕਾ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਦੇ ਨੌਜਵਾਨ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ | ਇਸ ਮੁਹਿੰਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ, ਉਨ੍ਹਾਂ ਨੂੰ ਨਸ਼ੇ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਲੈ ਜਾਣਾ ਹੈ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਅਜੇ ਸਚਦੇਵਾ ਨੇ ਨਵਾਂ ਹਸਤਾ ਪਿੰਡ ਵਿਚ ਆਯੋਜਿਤ ਇੱਕ ਸਮਾਗਮ ਵਿਚ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਖੇਡਾਂ ਪ੍ਰਤੀ ਜਾਗਰੂਕ ਹੋ ਰਹੀ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਭ ਤੋਂ ਵੱਧ ਖ਼ੁਸ਼ੀ ਉਦੋਂ ਹੁੰਦੀ ਹੈ, ਜਦੋਂ ਨੌਜਵਾਨ ਖ਼ੁਦ ਸਾਡੇ ਕੋਲ ਖੇਡ ਸਮਾਨ ਦੀ ਮੰਗ ਲੈ ਕੇ ਆਉਂਦੇ ਹਨ | ਇਸ ਮੌਕੇ ਪਿੰਡ ਚੂੜੀਵਾਲਾ ਚਿਸ਼ਤੀ, ਕੇਰੀਆਂ, ਸਾਬੂਆਣਾ ਅਤੇ ਮੌਜਮ ਅਤੇ ਫ਼ਾਜ਼ਿਲਕਾ ਦੇ ਹੋਰ ਇਲਾਕਿਆਂ ਦੇ ਨੌਜਵਾਨਾਂ ਨੂੰ ਬੱਲੇ, ਸਪੋਰਟਸ ਬੂਟ, ਵਾਲੀਬਾਲ ਅਤੇ ਹੋਰ ਖੇਡ ਸਮਗਰੀ ਵੰਡੀ ਗਈ | ਅਜੇ ਸਚਦੇਵਾ ਨੇ ਕਿਹਾ ਕਿ ਡਾ. ਬੀ. ਡੀ. ਸਚਦੇਵਾ ਵੈੱਲਫੇਅਰ ਸੁਸਾਇਟੀ ਦਾ ਮਿਸ਼ਨ ਨੌਜਵਾਨਾਂ ਨੂੰ ਖੇਡਾਂ ਰਾਹੀਂ ਬਿਹਤਰ ਭਵਿੱਖ ਵੱਲ ਪ੍ਰੇਰਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹਨ, ਸਗੋਂ ਇਹ ਨੌਜਵਾਨਾਂ ਵਿਚ ਟੀਮ ਵਰਕ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵਰਗੇ ਗੁਣ ਵਿਕਸਤ ਕਰਦੀਆਂ ਹਨ |