ਫ਼ਾਜ਼ਿਲਕਾ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਮਨਾਇਆ ਕੌਮਾਂਤਰੀ ਯੋਗ ਦਿਵਸ
ਅਜੀਤ ਡੈਸਕ
22-06-2025
ਫ਼ਾਜ਼ਿਲਕਾਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ
ਫ਼ਾਜ਼ਿਲਕਾ,21 ਜੂਨ (ਦਵਿੰਦਰ ਪਾਲ ਸਿੰਘ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ ਨਗਰ ਦੇ ਨਿਰਦੇਸ਼ਾਂ ਅਤੇ ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਅਗਵਾਈ ਹੇਠ, ਮੈਡਮ ਰੁਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਦੇਖ ਰੇਖ ਵਿਚ ਅਤੇ ਸ਼੍ਰੀ ਅਜੀਤ ਪਾਲ ਸਿੰਘ, ਮਾਣਯੋਗ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫ਼ਾਜ਼ਿਲਕਾ ਅਤੇ ਮੈਡਮ ਕਰਮਵਿੰਦਰ ਕੌਰ, ਮਾਣਯੋਗ ਸਿਵਿਲ ਜੱਜ (ਜੇ.ਡੀ.), ਫ਼ਾਜ਼ਿਲਕਾ ਦੀ ਮੌਜੂਦਗੀ ਵਿਚ ਜੁਡੀਸ਼ੀਅਲ ਕੋਰਟ ਕੰਪਲੈਕਸ, ਫ਼ਾਜ਼ਿਲਕਾ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਅਤੇ ਏਕਤਾ ਨਾਲ ਮਨਾਇਆ ਗਿਆ, ਵਿਸ਼ੇਸ਼ ਤੌਰ 'ਤੇ ਬਾਰ ਕੌਂਸਲ ਫ਼ਾਜ਼ਿਲਕਾ ਦੇ ਪ੍ਰਧਾਨ ਸਵਤੰਤਰਜੋਤ ਸਿੰਘ ਗਿੱਲ ਅਤੇ ਬਾਰ ਦੇ ਵਕੀਲ ਸਾਹਿਬਾਨ, ਲੀਗਲ ਐਡ ਡਿਫੈਂਸ ਕੌਂਸਲ ਦੇ ਚੀਫ਼ ਬਲਤੇਜ ਸਿੰਘ ਬਰਾੜ ਅਤੇ ਡਿਪਟੀ ਹਰਦੀਪ ਸਿੰਘ ਧਾਲੀਵਾਲ ਅਤੇ ਅਦਾਲਤੀ ਸਟਾਫ਼ ਨੇ ਤੰਦਰੁਸਤੀ ਅਤੇ ਸੰਪੂਰਨ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਯੋਗਾ ਸੈਸ਼ਨ ਵਿਚ ਸਰਗਰਮੀ ਨਾਲ ਹਿੱਸਾ ਲਿਆ | ਇਹ ਯੋਗ ਕੈਂਪ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਾਜ਼ਿਲਕਾ ਦੁਆਰਾ ਸੀ.ਐਮ ਕੀ ਯੋਗਸ਼ਾਲਾ ਦੇ ਇੰਸਟਰਕਟਰ ਰਾਜ ਸਿੰਘ, ਸੀਮਾ ਰਾਣੀ ਅਤੇ ਅਨੀਤਾ ਦੇ ਤਾਲਮੇਲ ਵਿਚ ਕਰਵਾਇਆ ਗਿਆ | ਇਹ ਸਮਾਗਮ 2025 ਦੇ ਥੀਮ ਇੱਕ ਧਰਤੀ, ਇੱਕ ਸਿਹਤ ਲਈ ਯੋਗ ਦੀ ਜਾਣ-ਪਛਾਣ ਨਾਲ ਸ਼ੁਰੂ ਹੋਇਆ ਜੋ ਮਨੁੱਖੀ ਸਿਹਤ ਅਤੇ ਸਾਡੇ ਗ੍ਰਹਿ ਦੀ ਤੰਦਰੁਸਤੀ ਦੇ ਆਪਸੀ ਸੰਬੰਧਾਂ 'ਤੇ ਜ਼ੋਰ ਦਿੰਦਾ ਹੈ | ਭਾਗੀਦਾਰਾਂ ਨੂੰ ਯੋਗ ਆਸਣਾਂ, ਸਾਹ ਲੈਣ ਦੀਆਂ ਕਸਰਤਾਂ (ਪ੍ਰਾਣਾਯਾਮ) ਅਤੇ ਧਿਆਨ ਤਕਨੀਕਾਂ ਦੀ ਇੱਕ ਲੜੀ ਰਾਹੀਂ ਮਾਰਗਦਰਸ਼ਨ ਕੀਤਾ ਗਿਆ ਜਿਸ ਦਾ ਉਦੇਸ਼ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਨੂੰ ਵਧਾਉਣਾ ਸੀ | ਇਸ ਮੌਕੇ ਬੋਲਦੇ ਹੋਏ, ਸ਼੍ਰੀ ਅਜੀਤ ਪਾਲ ਸਿੰਘ, ਮਾਣਯੋਗ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ, ਫ਼ਾਜ਼ਿਲਕਾ ਨੇ ਰੋਜ਼ਾਨਾ ਜੀਵਨ ਵਿਚ ਯੋਗ ਦੇ ਬੇਅੰਤ ਲਾਭਾਂ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਦੱਸਿਆ ਕਿ ਕਿਵੇਂ ਯੋਗਾ ਇਕਾਗਰਤਾ ਨੂੰ ਬਿਹਤਰ ਬਣਾਉਂਦਾ ਹੈ, ਤਣਾਅ ਘਟਾਉਂਦਾ ਹੈ, ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਅਤੇ ਇੱਕ ਸੰਤੁਲਿਤ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਦਾ ਹੈ ਉਨ੍ਹਾਂ ਨੇ ਇਸ ਸਾਲ ਦੇ ਥੀਮ 'ਤੇ ਹੋਰ ਵਿਚਾਰ ਕੀਤਾ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੋਗਾ ਨਾ ਸਿਰਫ਼ ਵਿਅਕਤੀਗਤ ਸਿਹਤ ਦਾ ਪਾਲਨ ਪੋਸ਼ਣ ਕਰਦਾ ਹੈ ਬਲਕਿ ਕੁਦਰਤ ਨਾਲ ਸਦਭਾਵਨਾ ਨੂੰ ਵੀ ਉਤਸ਼ਾਹਿਤ ਕਰਦਾ ਹੈ ਅਤੇ ਟਿਕਾਊ ਅਤੇ ਸੁਚੇਤ ਜੀਵਨ ਨੂੰ ਉਤਸ਼ਾਹਿਤ ਕਰਦਾ ਹੈ | ਉਨ੍ਹਾਂ ਕਿਹਾ ਕਿ ਯੋਗਾ ਦਾ ਅਭਿਆਸ ਏਕਤਾ, ਸ਼ਾਂਤੀ ਅਤੇ ਵਾਤਾਵਰਨ ਚੇਤਨਾ ਦੇ ਵਿਸ਼ਵ-ਵਿਆਪੀ ਸੱਦੇ ਦੇ ਨਾਲ ਮੇਲ ਖਾਂਦਾ ਹੈ | ਇਸ ਸਮਾਗਮ ਦਾ ਅੰਤ ਸਾਰੇ ਹਾਜ਼ਰੀਨ ਦੁਆਰਾ ਯੋਗਾ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸ਼ਾਮਲ ਕਰਨ ਅਤੇ ਭਾਈਚਾਰੇ ਅਤੇ ਇਸ ਤੋਂ ਬਾਹਰ ਇਸ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਸਮੂਹਿਕ ਵਾਅਦੇ ਨਾਲ ਹੋਇਆ
ਸਬ ਜੇਲ੍ਹ ਫ਼ਾਜ਼ਿਲਕਾ ਵਿਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ ਨਗਰ ਦੇ ਨਿਰਦੇਸ਼ਾਂ ਅਤੇ ਸ. ਅਵਤਾਰ ਸਿੰਘ, ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਅਗਵਾਈ ਹੇਠ, ਮੈਡਮ ਰੁਚੀ ਸਵਪਨ ਸ਼ਰਮਾ, ਮਾਣਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜ਼ਿਲਕਾ ਦੀ ਦੇਖ ਰੇਖ ਵਿਚ ਸਬ ਜੇਲ੍ਹ ਫ਼ਾਜ਼ਿਲਕਾ ਵਿਚ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਿਸ ਵਿਚ ਆਰਟ ਆਫ਼ ਲਿਵਿੰਗ ਦੇ ਅਧਿਆਪਕ ਰਾਜੇਸ਼ ਕਸਰੀਜਾ, ਵਕੀਲ ਜੀਆਂ ਨੇ ਸਬ ਜੇਲ੍ਹ ਫ਼ਾਜ਼ਿਲਕਾ ਦੇ ਡਿਪਟੀ ਸੁਪਰੀਟੈਂਡੈਂਟ ਆਸ਼ੂ ਭੱਟੀ ਦੀ ਮੌਜੂਦਗੀ ਵਿਚ ਯੋਗਾ ਕੈਂਪ ਲਗਾਇਆ ਗਿਆ | ਜਿਸ ਵਿਚ ਕੈਦੀਆਂ ਅਤੇ ਹਵਾਲਾਤੀਆਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ | ਇਸ ਦੌਰਾਨ ਰਾਜੇਸ਼ ਕਸਰੀਜਾ ਨੇ ਨਾਂ ਕੇਵਲ ਯੋਗ ਦੀਆਂ ਵਿਧੀਆਂ ਸਿਖਾਈਆਂ, ਸਗੋਂ ਕੈਦੀਆਂ ਨੂੰ ਧਿਆਨ ਮੈਡੀਟੇਸ਼ਨ ਵੀ ਕਰਵਾਇਆ | ਸ਼੍ਰੀ ਕਸਰੀਜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਯੋਗ ਅਤੇ ਧਿਆਨ ਮਨੁੱਖੀ ਜੀਵਨ ਵਿਚ ਆਤਮਿਕ ਸ਼ਾਂਤੀ, ਮਾਨਸਿਕ ਸੰਤੁਲਨ ਅਤੇ ਸਰੀਰਕ ਤੰਦਰੁਸਤੀ ਲਈ ਬਹੁਤ ਹੀ ਲਾਭਦਾਇਕ ਹਨ | ਉਨ੍ਹਾਂ ਨੇ ਕਿਹਾ ਕਿ ਜੇਕਰ ਇਨਸਾਨ ਰੋਜ਼ਾਨਾ ਯੋਗ ਅਤੇ ਧਿਆਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵੇ ਤਾਂ ਉਹ ਅੰਦਰੋਂ ਸੁਖੀ, ਨੈਤਿਕ ਅਤੇ ਸੰਤੁਲਿਤ ਜੀਵਨ ਜੀ ਸਕਦਾ ਹੈ | ਇਸ ਕੈਂਪ ਵਿਚ ਜ਼ੈਲ ਅਧੀਖਸ਼ਕ ਅਤੇ ਜ਼ੈਲ ਸਟਾਫ਼ ਨੇ ਵੀ ਭਾਗ ਲਿਆ ਅਤੇ ਕੈਦੀਆਂ ਨੂੰ ਯੋਗ ਵੱਲ ਪ੍ਰੇਰਿਤ ਕਰਨ ਲਈ ਉਨ੍ਹਾਂ ਦਾ ਮਨੋਬਲ ਵਧਾਇਆ | ਜੇਲ੍ਹ ਦੇ ਡਿਪਟੀ ਸੁਪਰਡੈਂਟ ਸ਼੍ਰੀ ਆਸ਼ੂ ਭੱਟੀ ਜੀ ਨੇ ਕਿਹਾ ਕਿ ਅਜਿਹੇ ਯੋਗ ਕੈਂਪਾਂ ਰਾਹੀਂ ਕੈਦੀਆਂ ਵਿਚ ਆਤਮਿਕ ਚੇਤਨਾ ਅਤੇ ਚੰਗੀ ਸੋਚ ਦਾ ਵਿਕਾਸ ਹੁੰਦਾ ਹੈ ਜੋ ਉਨ੍ਹਾਂ ਦੇ ਸੁਧਾਰ ਵਿਚ ਮਦਦਗਾਰ ਸਾਬਤ ਹੁੰਦਾ ਹੈ | ਇਹ ਯੋਗ ਕੈਂਪ ਇੱਕ ਕਦਮ ਹੈ ਕੈਦੀਆਂ ਦੇ ਆਤਮਿਕ ਅਤੇ ਮਾਨਸਿਕ ਵਿਕਾਸ ਵੱਲ, ਜਿਸ ਰਾਹੀਂ ਉਹ ਆਪਣੇ ਜੀਵਨ ਨੂੰ ਨਵੇਂ ਤਰੀਕੇ ਨਾਲ ਦੇਖ ਸਕਣ |
ਕੌਮਾਂਤਰੀ ਸਰਹੱਦ 'ਤੇ ਮਨਾਇਆ ਯੋਗ ਦਿਹਾੜਾ
ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਹਾੜਾ 'ਇੱਕ ਧਰਤੀ ਇੱਕ ਸਿਹਤ' ਦੀ ਥੀਮ ਦੇ ਤਹਿਤ ਬੀ.ਐੱਸ.ਐਫ. ਦੀ 55ਵੀਂ ਬਟਾਲੀਅਨ ਨੇ ਕੌਮਾਂਤਰੀ ਸਰਹੱਦ ਦੇ ਨੇੜੇ ਪਿੰਡ ਪੱਕਾ ਚਿਸ਼ਤੀ 'ਚ ਯੋਗ ਦਿਹਾੜਾ ਮਨਾਇਆ ਗਿਆ | ਜਿਸ ਵਿਚ ਬੀ. ਐੱਸ. ਐਫ. ਜਵਾਨਾਂ, ਸਰਹੱਦੀ ਪਿੰਡਾਂ ਦੇ ਲੋਕਾਂ ਅਤੇ ਮਹਿਲਾ ਜਵਾਨਾਂ ਵਲ਼ੋਂ ਹਿੱਸਾ ਲਿਆ ਗਿਆ | ਪਿੰਡ ਦੀ ਦਾਣਾ ਮੰਡੀ 'ਚ ਇਹ ਯੋਗ ਦਿਹਾੜਾ ਮਨਾਇਆ ਗਿਆ | ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਲੋਕ ਇਸ ਯੋਗ ਸਾਧਨਾ ਵਿਚ ਸ਼ਾਮਿਲ ਹੋਏ | ਇਸ ਮੌਕੇ 'ਤੇ ਬੀ.ਐੱਸ.ਐਫ.ਦੇ ਅਧਿਕਾਰੀ ਸ੍ਰੀ ਵਿਭਾਸ਼ ਨੇ ਕਿਹਾ ਕਿ ਅੱਜ ਹਰ ਕੋਈ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹੈ | ਕਦੇ ਜਿੰਮ ਨੂੰ ਜਾਂਦਾ ਹੈ, ਕਦੇ ਪਹਾੜੀ ਇਲਾਕਿਆਂ ਨੂੰ ਜਾਂਦੇ ਹਨ, ਲੋਕ ਡਾਕਟਰਾਂ ਦਾ ਰੁੱਖ ਕਰਦੇ ਹਨ | ਪਰ ਜੇਕਰ ਵਿਅਕਤੀ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦਾ ਹੈ ਤਾਂ ਉਸ ਦੀ ਜਿੱਥੇ ਸਿਹਤ ਤੰਦਰੁਸਤ ਰਹਿੰਦੀ ਹੈ, ਉੱਥੇ ਹੀ ਮਨ ਸ਼ਾਂਤ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸਰਹੱਦ 'ਤੇ ਡਿਊਟੀ ਦੇ ਰਹੇ ਜਵਾਨਾਂ ਨੂੰ ਤਣਾਅ ਤੋਂ ਇਸ ਨਾਲ ਮੁਕਤੀ ਮਿਲਦੀ ਹੈ | ਇਸ ਮੌਕੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਇਹ ਬੀ.ਐੱਸ.ਐਫ.ਦਾ ਇੱਕ ਚੰਗਾ ਉਪਰਾਲਾ ਹੈ | ਉਨ੍ਹਾਂ ਨੇ ਇਸ ਦੀ ਸ਼ਲਾਘਾ ਕਰਦਿਆਂ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਪ੍ਰਣ ਕੀਤਾ | ਉਨ੍ਹਾਂ ਕਿਹਾ ਕਿ ਯੋਗ ਕਿਸੇ ਧਰਮ ਨਾਲ ਨਹੀਂ ਜੁੜਿਆ, ਇਹ ਸਿਹਤ ਲਈ ਬਹੁਤ ਜ਼ਰੂਰੀ ਹੈ | ਇਸ ਲਈ ਹਰ ਕਿਸੇ ਨੂੰ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਇਸ ਮੌਕੇ 'ਤੇ ਸਾਦਕੀ ਚੌਂਕੀ ਦੇ ਅਧਿਕਾਰੀ ਜੇ.ਕੇ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ |
ਅੰਤਰਰਾਸ਼ਟਰੀ ਯੋਗ ਦਿਵਸ 'ਤੇ ਬੀ.ਐੱਸ.ਐਫ. ਜਵਾਨਾਂ ਵਲ਼ੋਂ ਇਕੱਠੇ ਹੋ ਕੇ ਕੀਤਾ ਗਿਆ ਯੋਗ
ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਸੀਮਾ ਸੁਰੱਖਿਆ ਬਲ ਦੀ 65ਵੀਂ ਬਟਾਲੀਅਨ ਵਲ਼ੋਂ ਸ਼੍ਰੀ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਦੇ ਖੁੱਲੇ੍ਹ ਵਿਹੜੇ ਵਿਚ ਯੋਗ ਕੈਂਪ ਲਗਾਇਆ ਗਿਆ | ਇਸ ਮੌਕੇ ਬਟਾਲੀਅਨ ਦੇ ਕਮਾਡੈਂਟ ਵੀਰੇਂਦਰ ਬਹਾਦੁਰ ਯਾਦਵ, ਉਨ੍ਹਾਂ ਦੇ ਨਾਲ ਅਧਿਕਾਰੀਆਂ ਅਤੇ ਸੈਂਕੜੇ ਜਵਾਨਾਂ ਨੇ ਇਕੱਠੇ ਹੋ ਕੇ ਯੋਗ ਕੀਤਾ | ਸੀਮਾ ਸੁਰੱਖਿਆ ਬਲ ਦੀਆਂ ਮਹਿਲਾ ਕਰਮਚਾਰੀਆਂ ਨੇ ਵੀ ਯੋਗ ਰਾਹੀਂ ਕਰੋ ਯੋਗ ਰਹੋ ਨਿਰੋਗ ਦਾ ਸੁਨੇਹਾ ਦਿੱਤਾ | ਇਸ ਸ਼ਿਵਿਰ ਵਿਚ ਨਗਰ ਦੇ ਪਤਵੰਤੇ ਵਿਅਕਤੀਆਂ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵੀ ਭਾਗ ਲਿਆ |
ਸਰਵ ਧਰਮ ਯੋਗ ਸਾਧਨਾ ਕੇਂਦਰ ਵਿਖੇ ਲਗਾਇਆ ਯੋਗ ਕੈਂਪ
ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਸ਼ਹਿਰ ਦਾ ਪ੍ਰਸਿੱਧ ਸਰਵ ਧਰਮ ਯੋਗ ਸਾਧਨਾ ਕੇਂਦਰ, ਜਿੱਥੇ ਹਰ ਰੋਜ਼ ਸਵੇਰੇ ਯੋਗ ਕਰਵਾਇਆ ਜਾਂਦਾ ਹੈ, ਉੱਥੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਸਬੰਧਿਤ ਲੋਕਾਂ ਨੇ ਇਕੱਠੇ ਹੋ ਕੇ ਯੋਗ ਕੀਤਾ | ਸਾਧਨਾ ਕੇਂਦਰ ਦੇ ਪ੍ਰਧਾਨ ਸੁਰਿੰਦਰ ਮੁਲੜੀ ਅਤੇ ਹੋਰ ਅਹੁਦੇਦਾਰਾਂ ਵਲ਼ੋਂ ਸਮਾਗਮ ਦੇ ਮੁੱਖ ਮਹਿਮਾਨਾਂ ਨੂੰ ਸਿਮਿ੍ਤੀ ਚਿੰਨ੍ਹ ਭੇਟ ਕੀਤੇ ਗਏ | ਸਰਹੱਦੀ ਪਿੰਡਾਂ ਤੋਂ ਆਈਆਂ ਏਕਲ ਵਿਦਿਆਲਿਆਂ ਦੀਆਂ ਕੁੜੀਆਂ ਨੇ ਵੀ ਆਪਣੇ ਯੋਗ ਅਭਿਆਸ ਦਰਸਾਏ | ਅਖੀਰ 'ਚ ਸਾਰੇ ਹਾਜ਼ਰੀਨਾਂ ਨੂੰ ਦੁੱਧ ਅਤੇ ਮਿਠਾਈਆਂ ਦਾ ਪ੍ਰਸਾਦ ਵੰਡਿਆ ਗਿਆ |
ਜੋਤੀ ਬੀ.ਐਡ. ਕਾਲਜ ਵਿਚ ਮਨਾਇਆਅੰਤਰਰਾਸ਼ਟਰੀ ਯੋਗ ਦਿਵਸ
ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਸਥਾਨਕ ਜੋਤੀ ਬੀ.ਐਡ. ਕਾਲਜ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਸੰਬੰਧੀ ਕਰਵਾਈਆਂ ਗਈਆਂ ਗਤੀਵਿਧੀਆਂ ਦਾ ਸੰਗਠਨ ਕਾਲਜ ਦੇ 'ਸਪੋਰਟਸ ਕਲੱਬ' ਦੇ ਮੈਂਬਰ ਪ੍ਰੋਫੈਸਰ ਗੁਰਸੇਵਕ ਸਿੰਘ, ਪ੍ਰੋਫੈਸਰ ਸੰਦੀਪ ਕੁਮਾਰ ਅਤੇ ਪ੍ਰੋਫੈਸਰ ਮਨਜਿੰਦਰ ਕੌਰ ਵਲ਼ੋਂ ਕੀਤਾ ਗਿਆ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ. ਸ਼੍ਰੀਮਤੀ ਅਨੀਤਾ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਪੂਰੀ ਦੁਨੀਆ ਵਿਚ ਯੋਗ ਦਿਵਸ ਮਨਾਇਆ ਜਾਂਦਾ ਹੈ | ਇਸ ਦਿਨ ਦਾ ਮਕਸਦ ਲੋਕਾਂ ਨੂੰ ਯੋਗ ਦੇ ਲਾਭਾਂ ਬਾਰੇ ਜਾਗਰੂਕ ਕਰਨਾ ਹੁੰਦਾ ਹੈ | ਯੋਗ ਦਿਵਸ ਸਾਨੂੰ ਆਪਣੀ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਠਹਿਰ ਕੇ ਆਪਣੇ ਅੰਦਰ ਝਾਤੀ ਮਾਰਨ ਅਤੇ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸੰਤੁਲਨ ਬਣਾਉਣ ਲਈ ਪ੍ਰੇਰਿਤ ਕਰਦਾ ਹੈ | ਹਰ ਰੋਜ਼ ਯੋਗ ਕਰਨ ਨਾਲ ਤਣਾਅ ਘਟਦਾ ਹੈ, ਇਕਾਗਰਤਾ ਵਧਦੀ ਹੈ ਅਤੇ ਸਰੀਰ ਮਜ਼ਬੂਤ ਬਣਦਾ ਹੈ | ਇਸ ਲੜੀ ਨੂੰ ਅੱਗੇ ਵਧਾਉਂਦਿਆਂ ਵਿਦਿਆਰਥੀਆਂ ਵਲ਼ੋਂ ਯੋਗ ਨਾਲ ਸਬੰਧਿਤ ਵੱਖ-ਵੱਖ ਸਰੀਰਕ ਆਸਣਾਂ ਦਾ ਅਭਿਆਸ ਵੀ ਕੀਤਾ ਗਿਆ | ਜਿਸ ਵਿਚ ਪਦਮਾਸਨ, ਵਜਰਾਸਨ, ਵਕਰਾਸਨ, ਹੱਲ ਆਸਣ, ਪਸ਼ਚਿਮੋਤਾਨਾਸਨ ਆਦਿ ਆਸਣ ਸ਼ਾਮਲ ਸਨ | ਸਾਰੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਯੋਗ ਦਿਵਸ ਸੰਬੰਧੀ ਗਤੀਵਿਧੀਆਂ ਵਿਚ ਭਾਗ ਲਿਆ |
ਡੀ.ਏ.ਵੀ ਸਕੂਲ ਹਰੀਪੁਰਾ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ
ਅਬੋਹਰ, 21 ਜੂਨ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ,ਪਿੰਡ ਹਰੀਪੁਰਾ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਲਈ ਇੱਕ ਨਵਾਂ ਥੀਮ ਨਿਰਧਾਰਿਤ ਕੀਤਾ ਜਾਂਦਾ ਹੈ,ਜੋ ਯੋਗ ਦੇ ਇੱਕ ਖ਼ਾਸ ਪਹਿਲੂ 'ਤੇ ਜ਼ੋਰ ਦਿੰਦਾ ਹੈ | ਅੰਤਰਰਾਸ਼ਟਰੀ ਯੋਗ ਦਿਵਸ 2025 ਦਾ ਥੀਮ ਇੱਕ ਧਰਤੀ, ਇੱਕ ਸਿਹਤ ਲਈ ਯੋਗ ਹੈ | ਇਸ ਮੌਕੇ 'ਤੇ ਸਕੂਲ ਦੇ ਵਿਹੜੇ ਵਿਚ ਇੱਕ ਵਿਸ਼ੇਸ਼ ਯੋਗ ਸੈਸ਼ਨ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਦੇ ਹੋਰ ਸਟਾਫ਼ ਨੇ ਅਨੁਸ਼ਾਸਿਤ ਢੰਗ ਨਾਲ ਉਤਸ਼ਾਹ ਨਾਲ ਹਿੱਸਾ ਲਿਆ | ਇਹ ਪ੍ਰੋਗਰਾਮ ਸਰੀਰਕ ਸਿੱਖਿਆ ਅਧਿਆਪਕ ਸ਼੍ਰੀ ਸੁਨੀਲ ਦੱਤ ਅਤੇ ਸ਼੍ਰੀ ਗੁਰਜੀਤ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ | ਨੌਵੀਂ ਜਮਾਤ ਦੀ ਵਿਦਿਆਰਥਣ ਭਾਵਿਆ ਨੇ ਵੱਖ-ਵੱਖ ਯੋਗ-ਆਸਣਾਂ, ਪ੍ਰਾਣਾਯਾਮ ਅਤੇ ਧਿਆਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਖ਼ੁਦ ਪ੍ਰਦਰਸ਼ਨ ਕਰਕੇ ਅਭਿਆਸ ਕਰਵਾਇਆ | ਇਸ ਤੋਂ ਬਾਅਦ, ਵਿਦਿਆਰਥੀਆਂ ਨੂੰ ਤਾਡਾਸਨ, ਤਿ੍ਕੋਣ ਆਸਣ, ਭੁਜੰਗ ਆਸਣ, ਵਜਰ ਆਸਣ ਆਦਿ ਵਰਗੇ ਵੱਖ-ਵੱਖ ਯੋਗਾਸਨਾਂ ਦਾ ਅਭਿਆਸ ਕਰਵਾਇਆ ਗਿਆ | ਯੋਗਾ ਇੰਸਟਰਕਟਰ ਗੁਰਜੀਤ ਕੁਮਾਰ ਨੇ ਸਾਰਿਆਂ ਨੂੰ ਯੋਗ ਦੀ ਮਹੱਤਤਾ ਅਤੇ ਇਸ ਦੇ ਸਿਹਤ ਲਾਭਾਂ ਬਾਰੇ ਵਿਸਥਾਰ ਵਿਚ ਦੱਸਿਆ | ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਵਿਦਿਆਰਥੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਨਿਯਮਿਤ ਤੌਰ 'ਤੇ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਯੋਗਾ ਭਾਰਤੀ ਸਭਿਆਚਾਰ ਦੀ ਇੱਕ ਅਨਮੋਲ ਵਿਰਾਸਤ ਹੈ, ਜੋ ਨਾ ਸਿਰਫ਼ ਸਰੀਰਕ ਸਿਹਤ ਲਈ ਸਗੋਂ ਮਾਨਸਿਕ ਸੰਤੁਲਨ ਲਈ ਵੀ ਜ਼ਰੂਰੀ ਹੈ | ਪਿ੍ੰਸੀਪਲ ਜੀ ਨੇ ਯੋਗਾ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਲਾਭਾਂ 'ਤੇ ਚਾਨਣਾ ਪਾਇਆ | ਪ੍ਰੋਗਰਾਮ ਦਾ ਸਮਾਪਨ ਯੋਗਾ ਹੀ ਜੀਵਨ ਹੈ ਦੇ ਸੰਕਲਪ ਨਾਲ ਕੀਤਾ ਗਿਆ ਅਤੇ ਹੋਰ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕਰਨ ਲਈ ਸਲਾਹ ਦਿੱਤੀ ਗਈ |
ਸਿਹਤ ਦੀ ਤੰਦਰੁਸਤੀ, ਮਾਨਸਿਕ ਤੇ ਸਰੀਰਕ ਤੌਰ 'ਤੇ ਮਜ਼ਬੂਤੀ ਪ੍ਰਦਾਨ ਕਰਨ ਵਿਚ ਯੋਗਾ ਬਹੁਤ ਸਹਾਈ ਹੁੰਦਾ ਹੈ-ਦੇਵ ਰਾਜ ਸ਼ਰਮਾ
ਜਲਾਲਾਬਾਦ, 21 ਜੂਨ (ਹਰਪ੍ਰੀਤ ਸਿੰਘ ਪਰੂਥੀ)-ਸੀ.ਐਮ ਯੋਗਸ਼ਾਲਾ ਤਹਿਤ ਅੰਤਰ ਰਾਸ਼ਟਰੀ ਯੋਗਾ ਦਿਹਾੜਾ ਅੱਜ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਐੱਸ.ਡੀ.ਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਪੱਧਰੀ ਯੋਗਾ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੇ ਦੌਰਾਨ ਮਾਰਕੀਟ ਕਮੇਟੀ ਜਲਾਲਾਬਾਦ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵਕ ਦੇਵ ਰਾਜ ਸ਼ਰਮਾ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ, ਜਦੋਂਕਿ ਹੋਰਾਂ ਤੋਂ ਇਲਾਵਾ ਤਹਿਸੀਲਦਾਰ, ਈ.ਓ.ਗੁਰਦਾਸ ਸਿੰਘ, ਪਿੰ੍ਰਸੀਪਲ ਅਮਿੱਤ ਗਗਨੇਜਾ, ਕੁਸ਼ਤੀ ਕੋਚ ਸੁਨੀਲ ਕੰਬੋਜ ਸਮੇਤ ਵੱਖ ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮੁਲਾਜ਼ਮਾਂ, ਬੱਚਿਆ ਸਮੇਤ ਹੋਰ ਸ਼ਖ਼ਸੀਅਤਾਂ ਨੇ ਭਾਗ ਲਿਆ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਯੋਗਾ ਦਿਵਸ ਸਵੇਰੇ 5:30 ਵਜੇ ਤੋਂ ਲੈ ਕੇ ਸਵੇਰੇ 6:30 ਵਜੇ ਤੱਕ ਮਨਾਇਆ ਗਿਆ | ਜਿਸ ਵਿਚ ਮਾਹਿਰ ਟਰੇਨਰ ਦੀ ਅਗਵਾਈ ਹੇਠ ਹਾਜ਼ਰੀਨ ਨੂੰ ਯੋਗ ਅਭਿਆਸ ਕੀਤਾ | ਇਸ ਮੌਕੇ ਮੁੱਖ ਮਹਿਮਾਨ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵਰਾਜ ਸ਼ਰਮਾ ਨੇ ਕਿਹਾ ਕਿ ਸਿਹਤ ਦੀ ਤੰਦਰੁਸਤੀ, ਮਾਨਸਿਕ ਤੇ ਸਰੀਰਕ ਤੌਰ ਤੇ ਮਜ਼ਬੂਤੀ ਪ੍ਰਦਾਨ ਕਰਨ ਵਿਚ ਯੋਗਾ ਬਹੁਤ ਸਹਾਈ ਹੁੰਦਾ ਹੈ | ਸ਼੍ਰੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਯੋਗ ਦੇ ਪ੍ਰਸਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ | ਇਸ ਵਿਸ਼ੇਸ਼ ਸਮਾਗਮਾਂ ਦਾ ਉਦੇਸ਼ ਨਾਗਰਿਕਾਂ ਵਿਚ ਯੋਗ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਉਨ੍ਹਾਂ ਕਿਹਾ ਕਿ ਬੱਚਿਆਂ, ਨੌਜਵਾਨਾਂ, ਸੀਨੀਅਰ ਨਾਗਰਿਕਾਂ ਅਤੇ ਸਰਕਾਰੀ ਅਧਿਕਾਰੀਆਂ ਨੇ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠੇ ਯੋਗਾ ਦਾ ਅਭਿਆਸ ਕੀਤਾ | ਇਸ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਦੇਵਰਾਜ ਸ਼ਰਮਾ ਸਮੇਤ ਹੋਰ ਪਤਵੰਤੇ ਸ਼ਖ਼ਸੀਅਤਾਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਹਰੇਕ ਨਾਗਰਿਕ ਨੂੰ ਆਪਣੇ ਆਲ਼ੇ ਦੁਆਲੇ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੰਦੇਸ਼ ਦਿੰਦੇ ਹੋਏ ਸਟੇਡੀਅਮ ਵਿਚ ਪੌਦਾ ਵੀ ਲਗਾਇਆ ਗਿਆ | ਉਨ੍ਹਾਂ ਕਿਹਾ ਕਿ ਪੌਦਿਆਂ ਦੀ ਵੱਡੇ ਹੋਣ ਤੱਕ ਸਾਂਭ ਸੰਭਾਲ ਕੀਤੀ ਜਾਵੇ |
ਪਟੇਲ ਪਾਰਕ ਅਬੋਹਰ ਵਿਚ ਸਬ ਡਵੀਜ਼ਨਲ ਪੱਧਰ 'ਤੇ 11ਵਾਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ
ਅਬੋਹਰ, 21 ਜੂਨ (ਤੇਜਿੰਦਰ ਸਿੰਘ ਖ਼ਾਲਸਾ/ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਮੁੱਖ ਮੰਤਰੀ ਦੀ ਯੋਗਸ਼ਾਲਾ ਦੇ ਬੈਨਰ ਹੇਠ ਪਟੇਲ ਪਾਰਕ ਅਬੋਹਰ ਵਿਚ ਸਬ ਡਵੀਜ਼ਨਲ ਪੱਧਰ 'ਤੇ 11ਵਾਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਅਤੇ ਲੋਕਾਂ ਨੂੰ ਯੋਗ ਦੇ ਫ਼ਾਇਦਿਆਂ ਬਾਰੇ ਜਾਗਰੂਕ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਅਬੋਹਰ ਦੇ ਐੱਸ.ਡੀ.ਐਮ. ਕਿ੍ਸ਼ਨ ਪਾਲ ਰਾਜਪੂਤ ਆਈ.ਏ.ਐੱਸ. ਸਨ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਆਮ ਆਦਮੀ ਪਾਰਟੀ ਅਬੋਹਰ ਦੇ ਇੰਚਾਰਜ ਅਰੁਣ ਨਾਰੰਗ, ਜ਼ਿਲ੍ਹਾ ਯੋਜਨਾ ਬੋਰਡ ਫ਼ਾਜ਼ਿਲਕਾ ਦੇ ਚੇਅਰਮੈਨ ਸੁਨੀਲ ਸਚਦੇਵਾ, ਮਾਰਕੀਟ ਕਮੇਟੀ ਦੇ ਚੇਅਰਮੈਨ ਉਪਕਾਰ ਸਿੰਘ ਜਾਖੜ, ਜ਼ਿਲ੍ਹਾ ਪ੍ਰਧਾਨ ਸਪੋਰਟਸ ਵਿੰਗ ਡੱਬੂ ਕੰਬੋਜ, ਤਹਿਸੀਲਦਾਰ ਅਬੋਹਰ ਬਲਜਿੰਦਰ ਸਿੰਘ, ਨਾਇਬ ਤਹਿਸੀਲਦਾਰ ਗੁਲਾਬਜੀਤ ਸਿੰਘ ਥਿੰਦ, ਸੁਪਰਡੈਂਟ ਹਰਦੀਪ ਕੌਰ ਹਾਜ਼ਰ ਸਨ | ਸਮਾਗਮ ਦੀ ਪ੍ਰਧਾਨਗੀ ਪਟੇਲ ਪਾਰਕ ਸੁਧਾਰ ਸਭਾ ਦੇ ਪ੍ਰਧਾਨ ਅਨੁਜ ਧਵਨ ਨੇ ਕੀਤੀ | ਸਟੇਜ ਸੰਚਾਲਨ ਐਡਵੋਕੇਟ ਦੇਸਰਾਜ ਕੰਬੋਜ ਅਤੇ ਅਧਿਆਪਕ ਦੀਪਕ ਕੰਬੋਜ ਨੇ ਕੀਤਾ | ਪ੍ਰੋਗਰਾਮ ਵਿਚ ਸੀ.ਐਮ ਯੋਗਸ਼ਾਲਾ ਦੇ ਟਰੇਨਰ ਨਵਿੰਦਰ ਕੰਬੋਜ, ਵਿੰਕਲ ਕੰਬੋਜ, ਪੂਨਮ ਅਤੇ ਮਨੀਸ਼ ਨੇ ਯੋਗ ਅਭਿਆਸ ਕਰਵਾ ਕੇ ਯੋਗ ਦੇ ਫ਼ਾਇਦਿਆਂ ਬਾਰੇ ਦੱਸਿਆ | ਐੱਸ.ਡੀ.ਐਮ. ਕਿ੍ਸ਼ਨ ਪਾਲ ਰਾਜਪੂਤ ਨੇ 11ਵੇਂ ਵਿਸ਼ਵ ਯੋਗ ਦਿਵਸ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹਰ ਕਿਸੇ ਨੂੰ ਹਰ ਰੋਜ਼ ਯੋਗ ਕਰਕੇ ਹਮੇਸ਼ਾ ਸਿਹਤਮੰਦ ਰਹਿਣਾ ਚਾਹੀਦਾ ਹੈ | ਪਟੇਲ ਪਾਰਕ ਵਿਖੇ ਆਯੋਜਿਤ ਸਮਾਗਮ ਵਿਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਨਾਲ ਯੋਗਾ ਪ੍ਰਤੀ ਭਾਰੀ ਉਤਸ਼ਾਹ ਲਈ ਸੀ.ਐਮ ਯੋਗਸ਼ਾਲਾ ਦੇ ਟਰੇਨਰ ਵਧਾਈ ਦੇ ਪਾਤਰ ਹਨ | ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਯੋਗਾ ਸਾਡੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ | ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਕਿਹਾ ਕਿ ਪਟੇਲ ਪਾਰਕ ਦੇ ਆਲੇ-ਦੁਆਲੇ ਪਟੇਲ ਨਗਰ, ਨਾਨਕ ਨਗਰੀ, ਗੋਬਿੰਦ ਨਗਰੀ, ਪ੍ਰੇਮ ਨਗਰੀ, ਸੁਖੇਰਾ ਬਸਤੀ, ਭਗਵਾਨ ਪੁਰਾ ਮੁਹੱਲਾ, ਈਦਗਾਹ ਬਸਤੀ ਦੇ ਹਜ਼ਾਰਾਂ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗਾ ਸ਼ਲਾਘਾਯੋਗ ਹੈ | ਉਨ੍ਹਾਂ ਐਲਾਨ ਕੀਤਾ ਕਿ ਸਰਕਾਰ ਪਟੇਲ ਪਾਰਕ ਵਿਚ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਲਈ ਆਰ.ਓ, ਵਾਸ਼ਰੂਮ ਅਤੇ ਚਾਰਦੀਵਾਰੀ ਲਈ 5 ਲੱਖ ਰੁਪਏ ਦੀ ਗਰਾਂਟ ਖ਼ਰਚ ਕਰੇਗੀ | ਪਿ੍ੰਸੀਪਲ ਰਾਜੇਸ਼ ਸਚਦੇਵਾ ਅਤੇ ਡੱਬੂ ਕੰਬੋਜ ਨੇ ਪਟੇਲ ਪਾਰਕ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਧੰਨਵਾਦ ਕੀਤਾ | ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸੀ.ਐਮ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਾਧੇ ਸ਼ਿਆਮ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤੀਸ਼ ਕੁਮਾਰ, ਨਗਰ ਨਿਗਮ ਦੇ ਰਿਕਾਰਡ ਕੀਪਰ ਰਮਨਦੀਪ, ਮੈਨੇਜਰ ਮਮਤਾ ਰਾਣੀ ਦੀ ਅਗਵਾਈ ਹੇਠ ਪਟੇਲ ਪਾਰਕ ਵਿਚ ਇੱਕ ਬੀ.ਪੀ ਅਤੇ ਸ਼ੂਗਰ ਚੈੱਕਅਪ ਕੈਂਪ ਵੀ ਲਗਾਇਆ ਗਿਆ ਅਤੇ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ | ਪਟੇਲ ਪਾਰਕ ਸੁਧਾਰ ਸਭਾ ਦੇ ਮੈਂਬਰ ਪ੍ਰਵੀਨ ਕਥੂਰੀਆ, ਜਗਜੀਤ ਕੰਬੋਜ, ਕਮਲ ਖੰਨਾ, ਅਸ਼ੋਕ ਮਗਨ, ਗੁਰਦਿੱਤਾ ਕੰਬੋਜ, ਸ਼ਸ਼ੀਕਾਂਤ ਗਰਗ, ਮਦਨ ਲਾਲ ਛਾਬੜਾ, ਵਿਜੇ ਤਨੇਜਾ, ਮਿਸ਼ੂ ਵਿੱਜ, ਦੇਸਰਾਜ ਕੰਬੋਜ, ਲਲਿਤ ਸੋਨੀ, ਸੁਨੀਲ ਸਿਡਾਨਾ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ |
ਬਲਾਕ ਖੁਈਆ ਸਰਵਰ ਦੀਆਂ ਵੱਖ-ਵੱਖ ਥਾਵਾਂ 'ਤੇ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਅਬੋਹਰ, 21 ਜੂਨ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਯੋਗ ਨਾਲ ਨਾ ਕੇਵਲ ਇਨਸਾਨ ਸਰੀਰਕ ਤੌਰ 'ਤੇ ਹੀ ਰਿਸ਼ਟ-ਪੁਸ਼ਟ ਰਹਿੰਦਾ ਹੈ, ਬਲਕਿ ਮਾਨਸਿਕ ਤੌਰ 'ਤੇ ਵੀ ਉਹ ਮਜ਼ਬੂਤ ਬਣਦਾ ਹੈ | ਇਨਸਾਨੀ ਜ਼ਿੰਦਗੀ 'ਚ ਯੋਗ ਦੀ ਇਸੇ ਮਹੱਤਤਾ ਨੂੰ ਦੇਖਦੇ ਹੋਏ ਬਲਾਕ ਖੂਈਆ ਸਰਵਰ ਦੇ ਡੇਰਾ ਬਾਬਾ ਭੰੂਮਣ ਸ਼ਾਹ 'ਤੇ ਸੱਪਾਵਾਲੀ ਵਿਖੇ ਜ਼ਿਲ੍ਹਾ ਪੱਧਰੀ ਯੋਗਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਅਬੋਹਰ ਦੇ ਐੱਸ.ਡੀ.ਐੱਮ-ਕਮ-ਨੋਡਲ ਅਫ਼ਸਰ ਸੀ.ਐੱਮ.ਦੀ ਯੋਗਸ਼ਾਲਾ ਕਿ੍ਸ਼ਨ ਪਾਲ ਰਾਜਪੂਤ ਆਈ.ਏ.ਐੱਸ,ਅਰੁਣ ਨਾਰੰਗ ਹਲਕਾ ਇੰਚਾਰਜ,ਸੁਨੀਲ ਸਚਦੇਵਾ ਜ਼ਿਲ੍ਹਾ ਪ੍ਰਧਾਨ ਪਲਾਨਿੰਗ ਬੋਰਡ, ਉਪਕਾਰ ਸਿੰਘ ਜਾਖੜ ਚੇਅਰਮੈਨ ਪੰਜਾਬ ਮੰਡੀ ਬੋਰਡ, ਬਲਾਕ ਪ੍ਰਧਾਨ ਜਤਿੰਦਰ ਕੌਰ 'ਤੇ ਬਲਾਕ ਪ੍ਰਧਾਨ ਰਜਿੰਦਰ ਕੁਮਾਰ ਵੀ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਯੋਗ ਅਗਵਾਈ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਵਲ਼ੋਂ 'ਸੀ.ਐਮ ਦੀ ਯੋਗਸ਼ਾਲਾ ਤਹਿਤ ਬਲਾਕ ਖੂਈਆ ਸਰਵਰ ਦੀਆਂ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਨਾਗਰਿਕਾਂ ਵਿਚ ਯੋਗ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ | ਵੱਖ-ਵੱਖ ਉਮਰ ਵਰਗ ਦੇ ਭਾਗੀਦਾਰਾਂ, ਬੱਚਿਆਂ, ਨੌਜਵਾਨਾਂ, ਸੀਨੀਅਰ ਨਾਗਰਿਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਨੇ ਇਸ ਸਮਾਗਮ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠੇ ਯੋਗਾ ਦਾ ਅਭਿਆਸ ਕੀਤਾ | ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਯੋਗ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਯੋਗ ਕਰਨ ਵਾਲਾ ਇਨਸਾਨ ਇੱਕ ਤੰਦਰੁਸਤ ਸਰੀਰ ਤੇ ਦਿਮਾਗ਼ ਦਾ ਮਾਲਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅੱਜਕੱਲ੍ਹ ਦੇ ਤੇਜ਼ ਤਰਾਰ ਮਸ਼ੀਨੀ ਯੁੱਗ ਵਿਚ ਯੋਗ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਿਚ ਸਹਾਈ ਸਿੱਧ ਹੋ ਸਕਦਾ ਹੈ | ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਮਨ ਸ਼ਾਂਤ ਤੇ ਇਕਾਗਰ-ਚਿੱਤ ਰਹਿੰਦਾ ਹੈ | ਇਸ ਵਾਰ ਦੇ ਯੋਗ ਦਿਵਸ ਦਾ ਥੀਮ ਬਹੁਤ ਹੀ ਖ਼ਾਸ ਹੈ ਤੇ ਇਸ ਨੂੰ ਧਰਤੀ ਤੇ ਵਾਤਾਵਰਨ ਨਾਲ ਜੋੜਿਆ ਗਿਆ ਹੈ | ਇਸ ਵਾਰ ਦਾ ਥੀਮ ਯੋਗ ਫ਼ਾਰ ਵਨ ਅਰਥ, ਵਨ ਹੈਲਥ' ਭਾਵ ਇੱਕ ਪਿ੍ਥਵੀ 'ਤੇ ਇੱਕ ਸਿਹਤ ਲਈ ਯੋਗ' ਚੁਣਿਆ ਗਿਆ ਹੈ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਹੈ |
ਨੈਸ਼ਨਲ ਡਿਗਰੀ ਕਾਲਜ ਵਿਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ
ਫ਼ਾਜ਼ਿਲਕਾ, 21 ਜੂਨ (ਦਵਿੰਦਰ ਪਾਲ ਸਿੰਘ)-ਨੈਸ਼ਨਲ ਡਿਗਰੀ ਕਾਲਜ ਚੁਵਾੜਿਆਂ ਵਾਲੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਸਹਾਇਕ ਪ੍ਰੋਫੈਸਰ ਨਵਦੀਪ ਕੁਮਾਰ ਨੇ ਦੱਸਿਆ ਕਿ ਇਹ ਦਿਵਸ ਅੰਤਰਰਾਸ਼ਟਰੀ ਪੱਧਰ ਤੇ 2014 ਤੋਂ ਮਨਾਇਆ ਜਾ ਰਿਹਾ ਹੈ | ਉਨ੍ਹਾਂ ਨੇ ਜੀਵਨ ਵਿਚ ਯੋਗ ਅਤੇ ਯੋਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਯੋਗ ਨਾਲ ਸਿਹਤਮੰਦ ਸਰੀਰ ਅਤੇ ਬਿਮਾਰੀਆਂ ਨੂੰ ਦੂਰ ਕਿਵੇਂ ਰੱਖਿਆ ਜਾਵੇ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਸੇ ਕਰਕੇ ਅੱਜ ਯੋਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੋਈ ਹੈ | ਅੱਜ ਪੂਰੇ ਵਿਸ਼ਵ ਵਿਚ ਇਹ ਦਿਨ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਮੌਕੇ ਕਾਲਜ ਵਿਖੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੇ ਯੋਗ ਕੀਤਾ |
ਅਭਿਸ਼ੇਕ ਕਾਲਜ ਅਬੋਹਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ
ਅਬੋਹਰ, 21 ਜੂਨ (ਵਿਵੇਕ ਹੂੜੀਆ)-ਅਭਿਸ਼ੇਕ ਕਾਲਜ ਅਬੋਹਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ | ਐਨ.ਸੀ.ਸੀ, ਐਨ.ਐੱਸ.ਐੱਸ. ਅਤੇ ਹੋਰ ਵਿਦਿਆਰਥੀਆਂ ਅਤੇ ਸਟਾਫ਼ ਨੇ ਇਸ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਕਾਲਜ ਦਾ ਮੈਦਾਨ ਸ਼ਾਂਤੀ ਅਤੇ ਤੰਦਰੁਸਤੀ ਦੇ ਕੇਂਦਰ ਵਿਚ ਬਦਲ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਡਾ. ਰਾਜਵੀਰ ਕੌਰ ਦੇ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਨੇ ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਲਈ ਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਕਿਵੇਂ ਯੋਗਾ ਸਦਭਾਵਨਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਤਣਾਅ ਨੂੰ ਘਟਾਉਂਦਾ ਹੈ, ਜਿਸ ਨਾਲ ਇੱਕ ਸਿਹਤਮੰਦ ਅਤੇ ਵਧੇਰੇ ਲਾਭਕਾਰੀ ਜੀਵਨ ਮਿਲਦਾ ਹੈ | ਤਜਰਬੇਕਾਰ ਯੋਗਾ ਇੰਸਟਰਕਟਰਾਂ ਦੀ ਨਿਗਰਾਨੀ ਹੇਠ, ਸਾਰੇ ਭਾਗੀਦਾਰਾਂ ਨੇ ਵੱਖ-ਵੱਖ ਆਸਣ, ਪ੍ਰਾਣਾਯਾਮ ਅਤੇ ਧਿਆਨ ਤਕਨੀਕਾਂ ਦਾ ਅਭਿਆਸ ਕੀਤਾ | ਕਾਲਜ ਦਾ ਵਿਹੜਾ ਸਕਾਰਾਤਮਿਕ ਊਰਜਾ ਨਾਲ ਭਰ ਗਿਆ ਕਿਉਂਕਿ ਵਿਦਿਆਰਥੀਆਂ ਅਤੇ ਸਟਾਫ਼ ਨੇ ਆਰਾਮਦਾਇਕ ਕੱਪੜੇ ਪਾ ਕੇ, ਬਹੁਤ ਹੀ ਸਮਰਪਣ ਅਤੇ ਸ਼ੁੱਧਤਾ ਨਾਲ ਵੱਖ-ਵੱਖ ਯੋਗਾ ਆਸਣ ਕੀਤੇ | ਫੈਕਲਟੀ ਮੈਂਬਰਾਂ ਨੇ ਵੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ | ਚੇਅਰਮੈਨ ਰਮਣੀਕ ਮਿੱਢਾ ਨੇ ਕਿਹਾ ਕਿ ਸਾਡੇ ਕਾਲਜ ਭਾਈਚਾਰੇ ਵਿਚ ਇੱਕ ਸੰਪੂਰਨ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਮਾਗਮ ਮਹੱਤਵਪੂਰਨ ਹਨ | ਇੰਨੇ ਸਾਰੇ ਨੌਜਵਾਨਾਂ ਨੂੰ ਯੋਗਾ ਅਪਣਾਉਂਦੇ ਦੇਖਣਾ ਪ੍ਰੇਰਨਾਦਾਇਕ ਹੈ | ਅਭਿਸ਼ੇਕ ਕਾਲਜ ਅਬੋਹਰ ਦੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਨੇ ਨਾ ਸਿਰਫ਼ ਯੋਗ ਦੇ ਲਾਭਾਂ ਨੂੰ ਉਤਸ਼ਾਹਿਤ ਕੀਤਾ ਬਲਕਿ ਇਸ ਦੇ ਮੈਂਬਰਾਂ ਵਿਚ ਭਾਈਚਾਰੇ ਅਤੇ ਤੰਦਰੁਸਤੀ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕੀਤਾ | ਜਿਸ ਨਾਲ ਵਿਦਿਆਰਥੀਆਂ ਅਤੇ ਸਟਾਫ਼ ਦੇ ਸੰਪੂਰਨ ਵਿਕਾਸ ਲਈ ਕਾਲਜ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ |
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਮੰਡੀ ਅਰਨੀਵਾਲਾ, 21 ਜੂਨ (ਨਿਸ਼ਾਨ ਸਿੰਘ ਮੋਹਲ਼ਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਮੰਡੀ ਅਰਨੀਵਾਲਾ ਵਲ਼ੋਂ ਹਰ ਵਾਰ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਜਿਸ ਦੌਰਾਨ ਇਸ ਵਾਰ ਵੀ ਸਕੂਲ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | (ਬਾਕੀ ਸਫਾ 11 'ਤੇ)