ਅਬੋਹਰ, 16 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ/ਵਿਵੇਕ ਹੂੜੀਆ)- ਭਾਜਪਾ ਆਗੂ ਅਤੇ ਸਰਪੰਚ ਯੂਨੀਅਨ ਬਲਾਕ ਅਬੋਹਰ ਦੇ ਸਾਬਕਾ ਪ੍ਰਧਾਨ ਸੁਸ਼ੀਲ ਸਿਆਗ ਢੀਂਗਾਵਾਲੀ ਨੇ ਅਬੋਹਰ ਅਨਾਜ ਮੰਡੀ ਵਿਖੇ ਝੋਨੇ 'ਤੇ ਲਗਾਈਆਂ ਜਾਣ ਵਾਲੀ ਕਾਟ ਦਾ ਮੁੱਦਾ ਉਠਾਉਂਦੇ ਹੋਏ ਪੁੱਛਿਆ ਕਿ ਅਬੋਹਰ ਮੰਡੀ ਵਿਚ ਝੋਨੇ 'ਤੇ ਕਾਟ ਕਿਉਂ ਲਗਾਈ ਜਾ ਰਹੀ ਹੈ | ਸਿਆਗ ਨੇ ਕਿਹਾ ਕਿ ਅਬੋਹਰ ਮੰਡੀ ਵਿਚ ਝੋਨੇ ਦੀ ਵਿੱਕਰੀ ਅਤੇ ਤੋਲ ਸਮੇਂ ਨਮੀ ਦੇ ਬਹਾਨੇ ਕਿਸਾਨਾਂ ਤੋਂ 5 ਤੋਂ 10 ਫ਼ੀਸਦੀ ਦੀ ਕਾਟ ਜ਼ਬਰਦਸਤੀ ਵਸੂਲੀ ਜਾ ਰਹੀ ਹੈ | ਸੁਸ਼ੀਲ ਸਿਆਗ ਨੇ ਕਿਹਾ ਕਿ ਇਹ ਇਕ ਬਹੁਤ ਗੰਭੀਰ ਮੁੱਦਾ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਸਭ ਕੁੱਝ ਜਾਣਨ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨ ਇਸ ਗੈਰ ਕਾਨੂੰਨੀ ਜ਼ਬਰਦਸਤੀ ਵੱਲ ਅੱਖਾਂ ਮੀਟ ਰਿਹਾ ਹੈ ਜਿਸ ਤੋਂ ਲੱਗਦਾ ਹੈ ਕਿ ਇਸ ਲੁੱਟ 'ਚ ਸਰਕਾਰ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਚਿੰਤਾ ਪ੍ਰਗਟ ਕਰਦਿਆਂ ਸਿਆਗ ਨੇ ਕਿਹਾ ਕਿ ਕਿਸਾਨ ਆਪਣੀਆਂ ਫ਼ਸਲਾਂ ਵੇਚਣ ਲਈ ਸੰਘਰਸ਼ ਕਰ ਰਹੇ ਹਨ ਤੇ ਅਬੋਹਰ ਮੰਡੀ ਵਿਚ 5 ਤੋਂ 10 ਕਿੱਲੋਗਰਾਮ ਪ੍ਰਤੀ ਕੁਇੰਟਲ ਕਾਟ ਤੋਂ ਪ੍ਰੇਸ਼ਾਨ ਹੋ ਕੇ ਉਹ ਆਪਣੀਆਂ ਫ਼ਸਲਾਂ ਵੇਚਣ ਲਈ ਹੋਰ ਮੰਡੀਆਂ ਵੱਲ ਮੁੜ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਡੀਜ਼ਲ ਤੇ ਹੋਰ ਖ਼ਰਚਿਆਂ ਦਾ ਬੋਝ ਵੀ ਝੱਲਣਾ ਪੈ ਰਿਹਾ ਹੈ | ਸਿਆਗ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਅਬੋਹਰ ਮੰਡੀ ਵਿਚ ਗੈਰ ਕਾਨੂੰਨੀ ਤੌਰ 'ਤੇ ਕੀਤੀ ਜਾ ਰਹੀ ਝੋਨੇ ਦੀ ਕਾਟ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਗੈਰ ਕਾਨੂੰਨੀ ਕਾਟ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਵਾਉਣਾ ਚਾਹੀਦਾ ਹੈ |