ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਸਿੱਖਿਆ ਵਿਭਾਗ ਤੇ ਐੱਸ.ਸੀ.ਈ.ਆਰ.ਟੀ. ਪੰਜਾਬ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤੇ ਪਿ੍ੰਸੀਪਲ ਹਰੀ ਚੰਦ ਕੰਬੋਜ ਦੀ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਫ਼ਾਜ਼ਿਲਕਾ ਵਿਖੇ ਮੈਗਾ ਪੀ.ਟੀ.ਐਮ. ਕਰਵਾਈ ਗਈ | ਸਕੂਲ ਮੀਡੀਆ ਇੰਚਾਰਜ ਲੈਕਚਰਾਰ ਸੰਦੀਪ ਅਨੇਜਾ ਨੇ ਦੱਸਿਆ ਕਿ ਸਤੰਬਰ ਮਹੀਨੇ ਹੋਈਆਂ ਪਹਿਲੀ ਟਰਮ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਰਿਪੋਰਟ 'ਤੇ ਚਰਚਾ ਕਰਨ ਲਈ ਰੱਖੀ ਗਈ ਮੈਗਾ ਪੀ.ਟੀ.ਐਮ. ਵਿਚ ਸਕੂਲ ਵਿਚ ਪੜ੍ਹਦੇ 100 ਪ੍ਰਤੀਸ਼ਤ ਵਿਦਿਆਰਥੀਆਂ ਦੇ ਮਾਪੇ ਬੱਚਿਆਂ ਦਾ ਨਤੀਜਾ ਪ੍ਰਾਪਤ ਕਰਨ ਲਈ ਸਕੂਲ ਵਿਚ ਹਾਜ਼ਰ ਹੋਏ | ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਸਾਰੀਆਂ ਕਲਾਸਾਂ ਦੇ ਇੰਚਾਰਜਾਂ ਨੇ ਆਏ ਹੋਏ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪ੍ਰਗਤੀ ਰਿਪੋਰਟ ਦੱਸੀ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ 'ਤੇ ਚਰਚਾ ਕੀਤੀ | ਇਸ ਮੈਗਾ ਪੀ.ਟੀ.ਐਮ. ਵਿਚ ਸਾਰੇ ਮਾਪਿਆਂ ਲਈ ਚਾਹ ਤੇ ਬਿਸਕੁਟ ਤੇ ਵਿਸ਼ੇਸ਼ ਤੌਰ 'ਤੇ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ | ਸਕੂਲ ਵਿਚ ਈ.ਐਨ.ਟੀ. ਸਪੈਸ਼ਲਿਸਟ ਡਾ. ਕਲਪਨਾ ਡਾਗਾ ਵਲੋਂ ਮਾਪਿਆਂ ਦਾ ਮੁਫ਼ਤ ਚੈੱਕਅਪ ਕਰਨ ਲਈ ਵਿਸ਼ੇਸ਼ ਤੌਰ 'ਤੇ ਇੱਕ ਕੈਂਪ ਲਗਾਇਆ ਗਿਆ | ਕੈਂਪ ਦੇ ਅੰਤ ਵਿਚ ਪਿ੍ੰਸੀਪਲ ਹਰੀ ਚੰਦ ਕੰਬੋਜ, ਵਾਈਸ ਪਿ੍ੰਸੀਪਲ ਜੋਗਿੰਦਰ ਲਾਲ, ਸੰਦੀਪ ਅਨੇਜਾ, ਰਾਜੇਸ਼ ਤਨੇਜਾ, ਰਾਕੇਸ਼ ਜੁਨੇਜਾ, ਗੌਰਵ ਕੁਮਾਰ, ਵਿਕਾਸ ਡਾਗਾ, ਦਵਿੰਦਰ ਸਿੰਘ ਮਾਨ, ਵਿਜੇ ਗੁਪਤਾ, ਧਰਮਿੰਦਰ ਗੁਪਤਾ, ਅਜੈ ਗੁਪਤਾ ਆਦਿ ਵਲੋਂ ਡਾ. ਕਲਪਨਾ ਡਾਗਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਬਾਲ ਸੁਰੱਖਿਆ ਵਿਭਾਗ ਵੱਲੋਂ ਆਏ ਨੁਮਾਇੰਦਿਆਂ ਦੁਆਰਾ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੇ ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਵਿਚ ਦੱਸਿਆ ਗਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ 11 ਵੱਖ-ਵੱਖ ਬਾਲ ਸੁਰੱਖਿਆ ਪ੍ਰੋਗਰਾਮਾਂ 'ਤੇ ਕੰਮ ਕਰ ਰਿਹਾ ਹੈ ਤੇ ਕਮਜ਼ੋਰ, ਬੇਸਹਾਰਾ ਬੱਚਿਆਂ ਨੂੰ ਸੁਰੱਖਿਆ ਤੇ ਦੇਖਭਾਲ ਪ੍ਰਦਾਨ ਕਰਨ ਤੇ ਦੁਰਵਿਵਹਾਰ ਜਾਂ ਅਣਗਹਿਲੀ ਦਾ ਸ਼ਿਕਾਰ ਹੋਏ ਬੱਚਿਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ | ਪਿ੍ੰਸੀਪਲ ਹਰੀ ਚੰਦ ਕੰਬੋਜ ਵਲੋਂ ਆਪਣੇ ਸੰਬੋਧਨ ਵਿਚ ਬਾਲ ਸੁਰੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਗਈ |