ਫ਼ਾਜ਼ਿਲਕਾ, 25 ਨਵੰਬਰ (ਅਮਰਜੀਤ ਸ਼ਰਮਾ)-ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਇਕ ਜਾਦੂਈ ਸ਼ੋਅ ਦਾ ਆਯੋਜਨ ਕੀਤਾ ਗਿਆ | ਜਾਦੂਗਰ ਜੂਨੀਅਰ ਸਮਾਰਟ ਸ਼ੰਕਰ ਨੇ ਆਪਣੀਆਂ ਸ਼ਾਨਦਾਰ ਜਾਦੂਈ ਚਾਲਾਂ ਨਾਲ ਵਿਦਿਆਰਥੀਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ 'ਤੇ ਜਾਦੂਗਰ ਜੂਨੀਅਰ ਸਮਾਰਟ ਸ਼ੰਕਰ ਨੇ ਬੱਚਿਆਂ ਨੂੰ ਜਾਦੂ ਦੇ ਮੂਲ ਸਿਧਾਂਤਾਂ ਅਤੇ ਇਸ ਦੇ ਪਿੱਛੇ ਵਿਗਿਆਨਕ ਕਾਰਨਾਂ ਬਾਰੇ ਵੀ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਾਦੂ ਕੋਈ ਚਮਤਕਾਰ ਨਹੀਂ ਸਗੋਂ ਇੱਕ ਵਿਗਿਆਨ ਅਤੇ ਕਲਾ ਹੈ | ਇਸ ਮੌਕੇ 'ਤੇ ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਵਿਚ ਰਚਨਾਤਮਿਕ ਅਤੇ ਵਿਗਿਆਨਕ ਦਿ੍ਸ਼ਟੀਕੋਣ ਵਿਕਸਤ ਕਰਦੇ ਹਨ | ਇਸ ਨਾਲ ਬੱਚਿਆਂ ਨੂੰ ਕਿਤਾਬਾਂ ਤੋਂ ਪਰੇ ਸਿੱਖਣ ਦਾ ਮੌਕਾ ਮਿਲਦਾ ਹੈ | ਅਜਿਹੇ ਸਮਾਗਮ ਉਨ੍ਹਾਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੇ ਹਨ | ਪ੍ਰਬੰਧਕ ਕਮੇਟੀ ਦੇ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਕਿਹਾ ਕਿ ਵਿਦਿਆਰਥੀਆਂ ਲਈ ਮਨੋਰੰਜਨ ਦੇ ਨਾਲ-ਨਾਲ ਜਾਦੂ ਨੂੰ ਵਿਗਿਆਨ ਵਜੋਂ ਪੇਸ਼ ਕਰਨਾ ਇੱਕ ਨਵਾਂ ਅਨੁਭਵ ਸੀ | ਭਵਿੱਖ ਵਿਚ ਵੀ ਅਜਿਹੇ ਸਮਾਗਮ ਆਯੋਜਿਤ ਕੀਤੇ ਜਾਣਗੇ | ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਜਾਗਰੂਕਤਾ ਅਤੇ ਰਚਨਾਤਮਿਕਤਾ ਵਧਾਉਣਾ ਸਕੂਲ ਦੀ ਤਰਜੀਹ ਹੈ | ਉਨ੍ਹਾਂ ਕਿਹਾ ਕਿ ਜਾਦੂ ਇੱਕ ਭਰਮ ਨਹੀਂ ਸਗੋਂ ਇਕ ਵਿਗਿਆਨ ਹੈ | ਜਦੋਂ ਬੱਚੇ ਇਸ ਦੇ ਸਿਧਾਂਤਾਂ ਨੂੰ ਸਮਝਦੇ ਹਨ, ਤਾਂ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਸਿੱਖਣ ਦੀ ਸਮਰੱਥਾ ਵਧਦੀ ਹੈ | ਪ੍ਰੋਗਰਾਮ ਦੇ ਅੰਤ ਵਿਚ, ਪ੍ਰਬੰਧਨ ਨੇ ਜਾਦੂਗਰ ਜੂਨੀਅਰ ਸਮਾਰਟ ਸ਼ੰਕਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |