ਕਿ੍ਸ਼ੀ ਉੱਨਤੀ ਯੋਜਨਾ ਤਹਿਤ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ <br/>
ਅਜੀਤ ਡੈਸਕ
26-11-2025
ਫ਼ਾਜ਼ਿਲਕਾ, 25 ਨਵੰਬਰ(ਦਵਿੰਦਰ ਪਾਲ ਸਿੰਘ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਫ਼ਰੀਦਕੋਟ ਦੀ ਗੰਨਾ ਸ਼ਾਖਾ ਵਲੋਂ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ ਜਲੰਧਰ ਦੀ ਅਗਵਾਈ ਹੇਠ ਕਿ੍ਸ਼ੀ ਉੱਨਤੀ ਯੋਜਨਾ ਤਹਿਤ ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਵਿਖੇ ਦੋ ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਜਿਸ ਵਿਚ ਅਗਾਂਹ ਵਧੂ ਕਿਸਾਨਾਂ ਨੇ ਭਾਗ ਲਿਆ | ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸਹਾਇਕ ਗੰਨਾ ਵਿਕਾਸ ਅਫ਼ਸਰ ਫ਼ਰੀਦਕੋਟ ਡਾ. ਰਣਬੀਰ ਸਿੰਘ ਵਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਖੇਤੀ ਵਿਚੋਂ ਵਧੇਰੇ ਆਮਦਨ ਦੇਣ ਅਤੇ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕਿ੍ਸ਼ੀ ਉੱਨਤੀ ਯੋਜਨਾ ਅਧੀਨ ਐਨ ਐੱਫ ਐੱਸ ਐੱਮ ਤਹਿਤ ਗੰਨੇ ਦੀ ਫ਼ਸਲ ਵਿਚ ਅੰਤਰਿਮ ਫ਼ਸਲਾਂ ਦੀ ਬਿਜਾਈ ਹੇਠ ਰਕਬਾ ਵਧਾਉਣ ਲਈ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ | ਡਾ. ਰਣਬੀਰ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਨੂੰ ਪੂਰੀ ਵਿਉਂਤਬੰਦੀ ਕਰਕੇ ਪੀ ਏ ਯੂ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਵੀਨਤਮ ਤਕਨੀਕਾਂ ਅਪਣਾ ਕੇ ਗੰਨੇ ਦੀ ਸੁਚੱਜੀ ਖੇਤੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਗੰਨਾ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਬਿਜਾਈ ਦੀ ਚੌੜੀ ਵਿਧੀ ਵਿਚ ਅੰਤਰੀ ਫ਼ਸਲਾਂ ਅਤੇ ਮਲਚਿੰਗ ਤਕਨੀਕ ਨੂੰ ਅਪਣਾਉਣਾ ਚਾਹੀਦਾ ਹੈ | ਪੀ.ਏ.ਯੂ ਤੋਂ ਪਹੁੰਚੇ ਸੀਨੀਅਰ ਫ਼ਸਲ ਵਿਗਿਆਨੀ ਡਾ. ਪ੍ਰਦੀਪ ਗੋਇਲ ਵਲੋਂ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਵਿਚ ਨਦੀਣ, ਸਿੰਚਾਈ ਅਤੇ ਖਾਦ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ ਗਈ | ਜ਼ਿਲ੍ਹਾ ਸਿਖਲਾਈ ਦਫ਼ਤਰ ਫ਼ਰੀਦਕੋਟ ਤੋਂ ਪਹੁੰਚੇ ਖੇਤੀ ਮਾਹਿਰ ਡਾ. ਯਾਦਵਿੰਦਰ ਸਿੰਘ ਗਿੱਲ ਵਲੋਂ ਗੰਨੇ ਦੇ ਅੰਤਰ ਫਸਲਾਂ ਤੋ ਵਧੇਰੇ ਝਾੜ ਲੈਣ ਬਾਰੇ ਜਾਣਕਾਰੀ ਦਿੱਤੀ ਗਈ | ਸਹਿਕਾਰੀ ਖੰਡ ਮਿੱਲ ਫ਼ਾਜ਼ਿਲਕਾ ਦੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਪਰਮਿੰਦਰ ਸਿੰਘ ਅਤੇ ਡਾ. ਨਵਿੰਦਰਪਾਲ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ | ਮਿਲ ਦੇ ਸੀ ਓ ਅਸ਼ੋਕ ਬੱਬਰ ਅਤੇ ਵਿਕਰਮ ਗੰਨਾ ਵਿਕਾਸ ਇੰਸਪੈਕਟਰ ਵੱਲੋਂ ਕਿਸਾਨਾਂ ਅਤੇ ਤਕਨੀਕੀ ਟੀਮ ਦਾ ਧੰਨਵਾਦ ਕੀਤਾ ਗਿਆ |