ਅਬੋਹਰ, 25 ਨਵੰਬਰ (ਵਿਵੇਕ ਹੂੜੀਆ)-ਅਬੋਹਰ- ਸ੍ਰੀ ਗੰਗਾਨਗਰ ਰੋਡ 'ਤੇ ਪਿੰਡ ਗਿੱਦੜਾ ਵਾਲੀ ਨੇੜੇ ਬੀਤੀ ਦੇਰ ਰਾਤ ਇਕ ਕੈਂਟਰ ਚਾਲਕ ਨੇ ਇਕ ਮੋਟਰਸਾਈਕਲ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਭੇਡਾਂ ਚਰਾਉਣ ਦਾ ਕੰਮ ਕਰਦਾ ਸੀ | ਮਿ੍ਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਿਆ ਗਿਆ ਹੈ | ਜਾਣਕਾਰੀ ਅਨੁਸਾਰ ਕਾਕਾ ਰਾਮ ਪੁੱਤਰ ਮਹਿੰਦਰ ਰਾਮ, ਜੋ ਭੇਡਾਂ ਚਰਾਉਂਦਾ ਸੀ ਅਤੇ ਦੋ ਕੁੜੀਆਂ ਅਤੇ ਇੱਕ ਮੁੰਡੇ ਦਾ ਪਿਤਾ ਸੀ | ਬੀਤੀ ਦੇਰ ਸ਼ਾਮ ਉਹ ਭੇਡਾਂ ਲਈ ਦਵਾਈ ਲੈਣ ਲਈ ਆਪਣੇ ਮੋਟਰਸਾਈਕਲ 'ਤੇ ਪਿੰਡ ਮੌਜਗੜ੍ਹ ਗਿਆ ਸੀ | ਦੇਰ ਰਾਤ ਉਹ ਭੇਡਾਂ ਦੀ ਦਵਾਈ ਲੈ ਕੇ ਆਪਣੇ ਪਿੰਡ ਗਿੱਦੜਾਂ ਵਾਲੀ ਵਾਪਸ ਆ ਰਿਹਾ ਸੀ ਕਿ ਗਿੱਦੜਾਂ ਵਾਲੀ ਦੇ ਕੋਲ ਪਿੱਛੇ ਤੋਂ ਆਰ ਰਹੇ ਇਕ ਤੇਜ਼ ਰਫ਼ਤਾਰ ਕੈਂਟਰ ਨੇ ਉਸ ਨੂੰ ਟੱਕਰ ਮਾਰ ਦਿੱਤੀ | ਜਿਸ ਕਾਰਨ ਉਸ ਦੀ ਮੌਤ ਹੋ ਗਈ | ਕੈਂਟਰ ਡਰਾਈਵਰ ਮੌਕੇ 'ਤੋਂ ਭੱਜ ਗਿਆ | ਇਸ ਦੌਰਾਨ ਖੂਈਆਂ ਸਰਵਰ ਥਾਣੇ ਦੀ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਹੈ |