ਫ਼ਿਰੋਜ਼ਪੁਰ, 3 ਦਸੰਬਰ(ਰਾਕੇਸ਼ ਚਾਵਲਾ)-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੇ ਕਾਰਜਕਾਰੀ ਚੇਅਰਮੈਨ ਅਤੇ ਸੁਮਿਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਫ਼ਿਰੋਜ਼ਪੁਰ ਵੱਲੋਂ ਅੱਜ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਮੈਡਮ ਅਨੁਰਾਧਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵਲੋਂ ਮੁਸਕਾਨ ਸਪੈਸ਼ਲ ਸਕੂਲ, ਫ਼ਿਰੋਜ਼ਪੁਰ ਕੈਂਟ ਵਿਚ ਪ੍ਰੋਗਰਾਮ ਕੀਤਾ ਗਿਆ | ਜਿਸ ਵਿਚ ਸਪੈਸ਼ਲ ਬੱਚਿਆਂ ਵਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਖੇਡ ਮੁਕਾਬਲੇ, ਭੰਗੜਾ, ਗਿੱਧਾ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਮਨਜੀਤ ਸਿੰਘ ਸੁਪਰਡੈਂਟ ਕੰਟੋਨਮੈਂਟ ਅਤੇ ਪਾਰੁਲ ਇੰਚਾਰਜ ਸਪੈਸ਼ਲ ਸਕੂਲ, ਫ਼ਿਰੋਜ਼ਪੁਰ ਵੀ ਹਾਜ਼ਰ ਸਨ | ਜੱਜ ਸਾਹਿਬ ਨੇ ਸਕੂਲ ਦੇ ਸਪੈਸ਼ਲ ਬੱਚਿਆਂ ਵਲੋਂ ਕੀਤੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ | ਇਸ ਤੋਂ ਇਲਾਵਾ ਇਸ ਦਿਵਸ ਨੂੰ ਮਨਾਉਂਦੇ ਹੋਏ ਏ.ਡੀ.ਆਰ ਸੈਂਟਰ ਵਿਚ ਪੈਨਲ ਐਡਵੋਕੇਟਜ਼ ਅਤੇ ਪੈਰਾ ਲੀਗਲ ਵਲੰਟੀਅਰਾਂ ਦਾ ਵੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਦੇ ਨਾਲ ਹੀ ਭਗਤ ਪੂਰਨ ਸਿੰਘ ਸਕੂਲ ਗੂੰਗੇ ਅਤੇ ਬੋਲਿਆਂ, ਕਟੋਰਾ ਦੇ ਬੱਚਿਆਂ ਵਲੋਂ ਵੀ ਇਸ ਦਿਵਸ ਨੂੰ ਮਨਾਉਂਦੇ ਹੋਏ ਵੱਖ-ਵੱਖ ਗਤੀਵਿਧੀਆਂ ਕੀਤੀਆਂ |