ਅੰਮਿ੍ਤਸਰ, 19 ਜੂਨ (ਰੇਸ਼ਮ ਸਿੰਘ)-ਜਿੱਥੇ ਵੱਡੀ ਤਾਦਾਦ 'ਚ ਹੈਰੋਇਨ ਦੇ ਨਸ਼ੇ ਦੀ ਬਰਾਮਦਗੀ ਹੋ ਰਹੀ ਹੈ ਉਥੇ ਨਸ਼ਾ ਪੀਣ ਵਾਲਿਆਂ ਨੂੰ ਰੋਕਣ ਲਈ ਵੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸੇ ਤਹਿਤ ਹੀ ਚਿੱਟਾ ਪੀਣ ਵਾਲਿਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾ ਰਹੇ ਹਨ | ਥਾਣਾ ਡੀ ਡਵੀਜ਼ਨ ਦੀ ਪੁਲਿਸ ਵਲੋਂ ਇਸੇ ਤਹਿਤ ਹੀ ਅਕਸ਼ੇ ਵਾਸੀ ਢਪਈ ਨਾਮ ਦੇ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ, ਜਿਸ ਪਾਸੋਂ ਹੈਰੋਇਨ ਦੀ ਲਿਬੜੀ ਹੋਈ ਪੰਨੀ ਪੇਪਰ, ਲਾਈਟਰ ਤੇ 10 ਰੁਪਏ ਦੇ ਨੋਟ ਦੀ ਪੀਣ ਲਈ ਬਣਾਈ ਪਾਈਪ ਬਰਾਮਦ ਕੀਤੀ ਗਈ ਹੈ | ਇਸੇ ਤਰ੍ਹਾਂ ਦੂਜਾ ਮਾਮਲਾ ਥਾਣਾ ਛਾਉਣੀ ਦੀ ਪੁਲਿਸ ਦਾ ਹੈ, ਜਿਸ ਵਲੋਂ ਬਚਿੱਤਰ ਸਿੰਘ ਵਾਸੀ ਪਿੰਡ ਰੋੜੀ ਨੂੰ ਗਿ੍ਫਤਾਰ ਕੀਤਾ ਗਿਆ ਹੈ ਅਤੇ ਉਸ ਪਾਸੋਂ ਚਿੱਟਾ ਪੀਣ ਲਈ ਲੋੜੀਂਦੇ ਸਾਮਾਨ ਸਿਲਵਰ ਪੰਨੀ, ਕਾਲੇ ਭੂਰੇ ਰੰਗ ਦੀ ਕਲਗੀ, ਲਾਈਟਰ ਤੇ 10 ਵਾਲਾ ਨੋਟ ਪਾਈਪ ਬਰਾਮਦ ਹੋਇਆ ਹੈ | ਥਾਣਾ ਬੀ ਡਵੀਜ਼ਨ ਦੀ ਪੁਲਿਸ ਵਲੋਂ ਇਕ ਲੜਕੀ ਵਾਸੀ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਨੂੰ ਉਕਤ ਲਗਭਗ ਉਹੀ ਸਾਮਾਨ ਸਮੇਤ ਘਿਓ ਮੰਡੀ ਨੇੜੇ ਬਿਜਲੀ ਘਰ ਤੋਂ ਕਾਬੂ ਕੀਤਾ ਗਿਆ ਹੈ | ਇਸ ਤੋਂ ਇਲਾਵਾ ਹੈਰੋਇਨ ਦੇ ਮਾਮਲੇ 'ਚ ਗੁਰਪਿੰਦਰ ਸਿੰਘ ਵਾਸੀ ਜੰਡਿਆਲਾ ਨੂੰ 50 ਗ੍ਰਾਮ ਹੈਰੋਇਨ 11 ਸੌ ਰੁਪਏ ਨਕਦੀ ਸਮੇਤ ਬੀ-ਡਵੀਜ਼ਨ ਦੀ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ |