ਅੰਮਿ੍ਤਸਰ, 15 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਦਯਾਨੰਦ ਨਗਰ ਪੰਚਾਇਤ ਦੇ ਦੇਵੀ ਨਗਰ ਖੇਤਰ 'ਚ ਸਾਰੀਆਂ ਗਲੀਆਂ ਪੱਕੀਆਂ ਕਰਨ ਅਤੇ ਸਟਰੀਟ ਲਾਈਟਾਂ ਲਗਾਉਣ ਦੇ 100 ਫੀਸਦੀ ਵਿਕਾਸ ਕਾਰਜ ਸ਼ੁਰੂ ਕਰਵਾਏ | ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਉੱਤਰੀ ਵਿਧਾਨ ਸਭਾ ਹਲਕੇ ਦੇ ਹਰ ਮੁਹੱਲੇ 'ਚ ਵਿਕਾਸ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ | ਰਿੰਟੂ ਨੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵਲੋਂ ਵੱਖ-ਵੱਖ ਇੰਪਰੂਵਮੈਂਟ ਟਰੱਸਟ ਸਕੀਮਾਂ ਅਧੀਨ ਬਾਕੀ ਰਹਿੰਦੇ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਅਤੇ ਇਹ ਸਾਰੇ ਵਿਕਾਸ ਪ੍ਰੋਜੈਕਟ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਹੋ ਜਾਣਗੇ | ਰਿੰਟੂ ਨੇ ਅੱਗੇ ਕਿਹਾ ਕਿ ਉੱਤਰੀ ਵਿਧਾਨ ਸਭਾ ਹਲਕੇ ਵਿਚ ਅਧੂਰੀਆਂ ਸੜਕਾਂ ਨੂੰ ਪ੍ਰੀਮਿਕਸ ਨਾਲ ਪੱਕਾ ਕੀਤਾ ਜਾ ਰਿਹਾ ਹੈ | ਰਿੰਟੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ 'ਰੰਗਲਾ ਪੰਜਾਬ ਯੋਜਨਾ' ਤਹਿਤ ਹਰੇਕ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਪਵਨ ਕੁਮਾਰ ਹੈਪੀ, ਪੰਚਾਇਤ ਮੈਂਬਰ ਅਵਤਾਰ ਔਜਲਾ, ਜਤਿੰਦਰ ਪਾਲ ਸਿੰਘ, ਰੀਮਾ ਦੇਵੀ, ਅਮਰਜੀਤ ਕੌਰ, ਰਾਕੇਸ਼ ਕੁਮਾਰ ਰਾਮਦਾਸ, ਸੁਵਿੰਦਰ ਸ਼ਿੰਡੀ, ਸਾਹਿਲ ਸੱਗਰ, ਪ੍ਰਣਵ ਧਵਨ ਅਤੇ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਮੌਜੂਦ ਸਨ |