ਅੰਮਿ੍ਤਸਰ, 15 ਅਕਤੂਬਰ (ਸੁਰਿੰਦਰ ਕੋਛੜ)-ਦੀਵਾਲੀ ਮੌਕੇ ਚਲਾਏ ਜਾਣ ਵਾਲੇ ਪਟਾਕਿਆਂ ਦੀ ਵਿੱਕਰੀ ਲਈ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਸਥਾਨਕ ਨਿਊ ਅੰਮਿ੍ਤਸਰ 'ਚ ਪਟਾਕਿਆਂ ਦੇ ਸਟਾਲਾਂ ਲਈ ਟੀਨ ਸ਼ੈੱਡ ਲਗਾਉਣ ਦਾ ਕੰਮ ਅੱਜ ਸਵੇਰ ਤੋਂ ਸ਼ੁਰੂ ਕੀਤਾ ਗਿਆ | ਸੰਭਾਵਨਾ ਜਤਾਈ ਜਾ ਰਹੀ ਹੈ ਕਿ 18-19 ਅਕਤੂਬਰ ਤੱਕ ਨਿਊ ਅੰਮਿ੍ਤਸਰ 'ਚ ਪਟਾਕਿਆਂ ਦੇ ਵਪਾਰੀਆਂ ਦੇ ਸਟਾਲ (ਖੋਖੇ) ਸਜ ਜਾਣਗੇ | ਦੱਸਿਆ ਜਾ ਰਿਹਾ ਹੈ ਕਿ ਅਸਥਾਈ ਲਾਇਸੈਂਸ ਧਾਰਕ ਸਿਰਫ਼ ਸਟਾਲਾਂ 'ਤੇ ਹੀ ਪਟਾਕੇ ਵੇਚ ਸਕਣਗੇ | ਜ਼ਿਲ੍ਹਾ ਪ੍ਰਸ਼ਾਸਨ ਨੇ ਹਦਾਇਤ ਕੀਤੀ ਹੈ ਕਿ ਪਟਾਕਿਆਂ ਦੇ ਸਟਾਲਾਂ 'ਤੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਬੈਠਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਜਿਨ੍ਹਾਂ ਦੇ ਨਾਂ 'ਤੇ ਲਾਇਸੈਂਸ ਹਨ | ਇਸ ਤੋਂ ਇਲਾਵਾ ਜੇਕਰ ਹੋਰ ਲੋਕ ਬੈਠਦੇ ਹਨ ਜਾਂ ਪਟਾਕੇ ਵੇਚਦੇ ਹਨ ਤਾਂ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪ੍ਰਸ਼ਾਸਨ ਨੇ ਸਟਾਲਾਂ ਦੀ ਚੈਕਿੰਗ ਲਈ ਇਕ ਟੀਮ ਦਾ ਵੀ ਗਠਨ ਕੀਤਾ ਹੈ, ਇਹ ਟੀਮ ਪਟਾਕਿਆਂ ਦੇ ਸਟਾਲਾਂ 'ਤੇ ਜਾ ਕੇ ਉਨ੍ਹਾਂ ਦੇ ਲਾਇਸੈਂਸ ਚੈੱਕ ਕਰੇਗੀ ਅਤੇ ਪਤਾ ਕਰੇਗੀ ਕਿ ਪਟਾਕੇ ਵੇਚਣ ਵਾਲਾ ਵਿਅਕਤੀ ਲਾਇਸੰਸ ਧਾਰਕ ਹੈ ਜਾਂ ਨਹੀਂ | ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਜਾਰੀ ਹਿਦਾਇਤਾਂ ਮੁਤਾਬਿਕ ਕੇਵਲ ਗਰੀਨ ਪਟਾਖੇ ਜੋ ਕਿ ਸੀ. ਐੱਸ. ਆਈ. ਆਰ. ਤੋਂ ਪ੍ਰਵਾਨਿਤ ਹੋਣਗੇ ਉਹੀ ਵੇਚੇ ਜਾਣਗੇ | ਇਸ ਤੋਂ ਇਲਾਵਾ ਉਕਤ ਸਟਾਲਾਂ 'ਤੇ ਸਵੇਰੇ 10 ਵਜੇ ਤੋਂ ਸ਼ਾਮ 7:30 ਵਜੇ ਤੱਕ ਪਟਾਖੇ ਵੇਚਣ ਦੀ ਹੀ ਇਜਾਜ਼ਤ ਹੋਵੇਗੀ | ਪ੍ਰਸ਼ਾਸਨ ਨੇ ਪਟਾਖਾ ਵਪਾਰੀਆਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਪਟਾਖੇ ਵੇਚਣ ਵਾਲੀ ਜਗ੍ਹਾ 'ਤੇ ਪੂਰੀ ਸਾਵਧਾਨੀ ਵਰਤਣ ਅਤੇ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ | ਪ੍ਰਸ਼ਾਸਨ ਮੁਤਾਬਿਕ ਪਟਾਕੇ ਵੇਚਣ ਵਾਲੀ ਜਗ੍ਹਾ 'ਤੇ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਜਾ ਰਹੇ ਹਨ |